ਸਿਧਵਾਂ ਬੇਟ (ਜਸਵੀਰ ਪੁੜੈਣ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੜੈਣ ਦੇ ਹੋਣਹਾਰ ਵਿਦਿਆਰਥੀ ਅੰਕੁਸ਼ ਕੁਮਾਰ, ਜਿਸ ਨੇ ਕਿ ਪਹਿਲਾਂ ਮਿਸਟਰ ਇੰਡੀਆ ਤੇ ਫਿਰ ਮਿਸਟਰ ਏਸ਼ੀਆ ਮੁਕਾਬਲੇ ਵਿੱਚ ਆਪਣੀ ਧਾਂਕ ਜਮਾਈ, ਹੁਣ ਬਾੱਡੀ ਬਿਲਡਿੰਗ ਲਈ ਨੈਸ਼ਨਲ ਜੱਜ ਵਜੋਂ ਚੁਣਿਆ ਗਿਆ ਹੈ । ਉਸ ਨੇ ਇਹ ਪ੍ਰੀਖਿਆ ਪਾਸ ਕਰਦਿਆਂ ਇਕ ਜਾਣਕਾਰੀ ਵਰਧਕ ਜ਼ੋਰਦਾਰ ਭਾਸ਼ਣ ਵੀ ਦਿੱਤਾ ਜਿਸ ਆਧਾਰ ‘ਤੇ ਉਸ ਦੀ ਚੋਣ ਹੋਈ । ਯਾਦ ਰਹੇ ਕਿ ਭਾਰਤ ਵਿੱਚੋਂ ਕੁੱਲ ਮਿਲਾ ਕੇ ਤਿੰਨ ਨੈਸ਼ਨਲ ਜੱਜ ਚੁਣੇ ਜਾਣੇ ਸਨ ਜਿਨ੍ਹਾਂ ਵਿੱਚੋਂ ਅੰਕੁਸ਼ ਇੱਕ ਹੈ । ਘਮਣੇਵਾਲ ਪਿੰਡ ਦਾ ਜੰਮਪਲ ਅੰਕੁਸ਼ ਕੁਮਾਰ ਨੈਸ਼ਨਲ ਜੱਜ ਚੁਣੇ ਜਾਣ ਪਿੱਛੋਂ ਜਦ ਆਪਣੇ ਸਕੂਲ ਪੁੜੈਣ ਵਿਖੇ ਪਹੁੰਚਿਆ ਤਾਂ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਅਤੇ ਸਮੂਹ ਸਟਾਫ਼ ਨੇ ਉਸ ਨੂੰ ਭਰਪੂਰ ਪਿਆਰ ਤੇ ਸਤਿਕਾਰ ਦਿੱਤਾ । ਇਸ ਮੌਕੇ ਉਸ ਨੂੰ ਯਾਦ ਚਿੰਨ੍ਹ ਭੇਟ ਕੀਤਾ ਗਿਆ । ਅੰਕੁਸ਼ ਕੁਮਾਰ ਨੂੰ ਕੁਝ ਸਮੇਂ ਲਈ ਵਿਦਿਆਰਥੀਆਂ ਦੇ ਰੂਬਰੂ ਵੀ ਕੀਤਾ ਗਿਆ ਤੇ ਉਸ ਨੇ ਉਨ੍ਹਾਂ ਨਾਲ਼ ਪ੍ਰੇਰਨਾਮਈ ਸ਼ਬਦ ਸਾਂਝੇ ਕੀਤੇ । ਉਸ ਨੂੰ ਸਨਮਾਨਤ ਕਰਨ ਸਮੇਂ ਬੀਐਮ ਮੈਥ (ਸਿੱਧਵਾਂ ਬੇਟ-2) ਸ੍ਰੀ ਸੁਖਵਿੰਦਰ ਸਿੰਘ,ਪ੍ਰਿੰਸੀਪਲ ਪੁੜੈਣ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ ।