ਉਪਿੰਦਰਜੀਤ ਕੌਰ ਬਰਾੜ ਉੱਤੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਪੂਰਾ ਮਾਣ – ਸੰਦੀਪ ਹੰਸ
ਨੌਜਵਾਨ ਜੀਵਨ ਦਾ ਟੀਚਾ ਮਿੱਥ ਕੇ ਉਸਨੂੰ ਪ੍ਰਾਪਤ ਕਰਨ ਲਈ ਯਤਨ ਕਰਨ – ਉਪਿੰਦਰਜੀਤ ਕੌਰ ਬਰਾੜ
ਮੋਗਾ, 26 ਜੂਨ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਸਿੰਘ)
– “ਜ਼ਿਲ੍ਹਾ ਮੋਗਾ ਦੇ ਪਿੰਡ ਸਮਾਲਸਰ ਦੀ ਰਹਿਣ ਵਾਲੀ ਉਪਿੰਦਰਜੀਤ ਕੌਰ ਬਰਾੜ ਪੁੱਤਰੀ ਸਵਰਨ ਸਿੰਘ ਬਰਾੜ ਨੇ ਪੰਜਾਬ ਸਿਵਲ ਸਰਵਿਸਿਜ਼ (ਪੀਸੀਐੱਸ) ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਮੋਗਾ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।”
ਇਹ ਵਿਚਾਰ ਅੱਜ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਉਪਿੰਦਰਜੀਤ ਕੌਰ ਬਰਾੜ ਦਾ ਆਪਣੇ ਦਫ਼ਤਰ ਵਿਖੇ ਉਚੇਚੇ ਤੌਰ ਉੱਤੇ ਸਨਮਾਨ ਕਰਦਿਆਂ ਪ੍ਰਗਟ ਕੀਤੇ। ਸ਼੍ਰੀ ਹੰਸ ਨੇ ਕਿਹਾ ਕਿ ਉਪਿੰਦਰਜੀਤ ਕੌਰ ਬਰਾੜ ਉੱਤੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਪੂਰਾ ਮਾਣ ਹੈ। ਉਸ ਤੋਂ ਪ੍ਰੇਰਨਾ ਲੈ ਕੇ ਜ਼ਿਲ੍ਹਾ ਮੋਗਾ ਦੇ ਹੋਰ ਬੱਚੇ ਵੀ ਪੰਜਾਬ ਸਿਵਲ ਸਰਵਿਸਿਜ਼ (ਪੀਸੀਐੱਸ) ਦੀ ਪ੍ਰੀਖਿਆ ਦੀ ਤਿਆਰੀ ਕਰਕੇ ਇਸ ਵਿੱਚ ਸਫਲਤਾ ਹਾਸਿਲ ਕਰਨ ਲਈ ਅੱਗੇ ਆਉਣਗੇ। ਸ਼੍ਰੀ ਹੰਸ ਨੇ ਇਸ ਮੌਕੇ ਉਪਿੰਦਰਜੀਤ ਕੌਰ ਬਰਾੜ ਨੂੰ ਵਧਾਈ ਦਿੱਤੀ ਅਤੇ ਸੁਨਿਹਰੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਉਪਿੰਦਰਜੀਤ ਕੌਰ ਬਰਾੜ ਨੇ ਕਿਹਾ ਕਿ ਉਹ ਇਸ ਹੱਲਾਸ਼ੇਰੀ ਨੂੰ ਆਪਣੇ ਪ੍ਰਸ਼ਾਸ਼ਕੀ ਜੀਵਨ ਦੀ ਸਫ਼ਲਤਾ ਦਾ ਅਧਾਰ ਬਣਾਏਗੀ। ਉਸਨੇ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਉਸਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਿੱਖਿਆ ਦਿੱਤੀ ਕਿ ਇਹ ਅੱਗੇ ਵਧਣ ਲਈ ਆਪਣੇ ਜੀਵਨ ਦੇ ਟੀਚੇ ਨਿਰਧਾਰਤ ਕਰਨ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਮਿਹਨਤ ਕਰਨ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਐਲਾਨੇ ਗਏ ਨਤੀਜੇ ਅਨੁਸਾਰ ਉਪਿੰਦਰਜੀਤ ਕੌਰ ਨੇ 898.15 ਅੰਕ ਹਾਸਿਲ ਕਰਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਪਿੰਦਰਜੀਤ ਕੌਰ ਦੇ ਮਾਤਾ-ਪਿਤਾ ਸਰਕਾਰੀ ਅਧਿਆਪਕ ਹਨ ਅਤੇ ਉਹ ਮਾਪਿਆਂ ਦੀ ਇਕਲੌਤੀ ਧੀ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਐਸ ਡੀ ਐਮ ਸ੍ਰ ਸਤਵੰਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ, ਉਪਿੰਦਰਜੀਤ ਕੌਰ ਬਰਾੜ ਦੇ ਮਾਤਾ ਪਿਤਾ ਅਤੇ ਹੋਰ ਵੀ ਹਾਜ਼ਰ ਸਨ।