ਮੋਗਾ, 2 ਸਤੰਬਰ (ਜਗਰਾਜ ਸਿੰਘ ਗਿੱਲ)
ਪਿੰਡਾਂ ਵਿੱਚ ਕਰੋਨਾ ਦੇ ਟੈਸਟ ਨਾ ਕਰਵਾਉਣ ਸਬੰਧੀ ਕੁਝ ਸ਼ਰਾਰਤੀ ਅਨਸਰਾਂ ਵੱਲੋ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਪਾਸੇ ਰੱਖਦਿਆਂ ਪਿੰਡ ਸਾਫ਼ੂਵਾਲਾ ਦੇ ਲੋਕਾਂ ਨੇ ਮੋਹਰੀ ਹੋ ਕੇ ਸੈਪਲ ਕਰਵਾਏ, ਜਿਸ ਨਾਲ ਉਨ੍ਹਾਂ ਨੇ ਅਜਿਹੇ ਕੂੜ ਪ੍ਰਚਾਰ ਤੋਂ ਬਚਣ ਦਾ ਸੁਨੇਹਾ ਜਨ-ਜਨ ਤੱਕ ਪਹੁੰਚਾਇਆ।ਪਿੰਡ ਵਾਲਿਆਂ ਦੇ ਇਸ ਉਤਸ਼ਾਹੀ ਫੈਸਲੇ ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਮਿਊਨਿਟੀ ਹੈਲਥ ਸੈਟਰ ਡਰੋਲੀ ਭਾਈ ਦੇ ਐਸ.ਐਮ.ਓ. ਡਾ. ਇੰਦਰਵੀਰ ਸਿੰਘ ਗਿੱਲ ਪਿੰਡ ਵਾਸੀਆਂ ਅਤੇ ਪੰਚਾਇਤ ਦਾ ਧੰਨਵਾਦ ਕਰਨ ਲਈ ਵਿਸੇਸ਼ ਤੌਰ ਤੇ ਪਿੰਡ ਸਾਫੂਵਾਲਾ ਪਹੁੰਚੇ। ਇਸ ਮੌਕੇ ਪਿੰਡ ਵਾਲਿਆਂ ਨੇ ਸਿਹਤ ਵਿਭਾਗ ਨੂੰ 155 ਸੈਂਪਲ ਕਰੋਨਾ ਟੈਸਟ ਲਈ ਦਿੱਤੇ। ਇਸਦੇ ਨਾਲ ਹੀ ਪਿੰਡ ਵਾਲਿਆਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਜੇਕਰ ਪਿੰਡ ਵਾਲਿਆਂ ਦੇ ਕਿਸੇ ਵੀ ਮੈਂਬਰ ਵਿੱਚ ਕਰੋਨਾ ਦੇ ਲੱਛਣ ਆਉਣਗੇ ਤਾਂ ਉਹ ਪਹਿਲ ਦੇ ਆਧਾਰ ਤੇ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਟੈਸਟ ਕਰਵਾਉਣਗੇ।ਇਸ ਕਦਮ ਦੀ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਵਿਸ਼ੇਸ਼ ਤੌਰ ਤੇ ਪ੍ਰਸ਼ੰਸ਼ਾ ਕਰਦਿਆਂ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਪਿੰਡ ਵਾਲਿਆਂ ਅਤੇ ਪੰਚਾਇਤ ਦਾ ਧੰਨਵਾਦ ਕਰਦਿਆਂ ਡਾ. ਗਿੱਲ ਨੇ ਕਿਹਾ ਕਿ ਕਰੋਨਾ ਦੀ ਸੈਂਪਲਿੰਗ ਲਈ ਫੈਲ ਰਹੀਆਂ ਅਫ਼ਵਾਹਾਂ ਲੋਕ ਹਿੱਤ ਵਿੱਚ ਨਹੀਂ ਹਨ।ਉਨ੍ਹਾਂ ਕਿਹਾ ਕਿ ਪੰਚਾਇਤਾਂ ਵੱਲੋਂ ਕੁੱਝ ਗੁੰਮਰਾਹਕੁਨ ਪ੍ਰਚਾਰ ਦੇ ਪਿੱਛੇ ਲੱਗ ਕੇ ਕਰੋਨਾ ਸੈਂਪਲਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ ਪੰਚਾਇਤਾਂ ਨੂੰ ਅਜਿਹਾ ਕਰਨ ਤੋਂ ਪਹਿਲਾਂ ਪੂਰਾ ਮਾਮਲਾ ਸਮਝ ਕੇ ਕੋਈ ਫੈਸਲਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਸਹਿਯੋਗ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਾਲ ਵਿੱਚ ਹੀ ਵਾਪਰੀਆਂ ਅਨੇਕਾਂ ਘਟਨਾਵਾਂ, ਜਿੰਨ੍ਹਾਂ ਵਿੱਚ ਇੱਕ ਐਸ.ਐਮ.ਓ. ਸਮੇਤ ਕਿੰਨੇ ਹੀ ਲੋਕਾਂ ਦੀਆਂ ਜਾਨਾਂ ਕਰੋਨਾ ਕਾਰਨ ਚਲੀਆਂ ਗਈਆਂ ਹਨ, ਨੂੰ ਦੇਖਦੇ ਹੋਏ ਆਪਣੇ ਇਲਾਕੇ ਦੇ ਲੋਕਾਂ ਦੀ ਸਿਹਤ ਸੰਭਾਲ ਕਰਨਾ ਸਿਹਤ ਵਿਭਾਗ ਦੀ ਜਿੰਮੇਵਾਰੀ ਹੈ।ਪਰ ਪਿੰਡ ਦੀ ਪੰਚਾਇਤ ਵੱਲੋਂ ਇੱਕ ਪਾਸੜ ਫੈਸਲਾ ਲੈਣਾ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਕਰੋਨਾ ਸੈਂਪਲਿੰਗ ਦੌਰਾਨ ਕਰੋਨਾ ਤੋਂ ਪ੍ਰਭਾਵਿਤ ਹੋ ਗਏ ਵਿਭਾਗ ਦੇ ਅਨੇਕਾਂ ਅਜਿਹੇ ਸਟਾਫ਼ ਮੈਂਬਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁੱਝ ਨਿੱਜੀ ਕਾਰਨਾਂ ਕਰਕੇ ਕੁੱਝ ਗੈਰਜਿੰਮੇਵਾਰ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੇ ਅਮਲ ਨਾ ਕਰਨ।