ਮੋਗਾ 22 ਅਕਤੂਬਰ
/ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਹੋਣ ਕਾਰਨ ਗੱਲੇ ਅਤੇ ਫੇਫੜਿਆਂ ਸਬੰਧੀ ਬਿਮਾਰੀਆਂ ਦਾ ਖਤਰਾ ਵੱਧਿਆ ਹੋਇਆ ਹੈ। ਇਸੇ ਵਿੱਚ ਮੋਗਾ-1 ਬਲਾਕ ਦੇ ਪਿੰਡ ਪੁਰਾਣੇ ਵਾਲਾ ਦਾ ਅਗਾਂਹਵਧੂ ਕਿਸਾਨ ਜਸਪਾਲ ਸਿੰਘ, ਜੋ ਕਿ 20 ਏਕੜ ਜਮੀਨ ਵਿੱਚ ਪਿਛਲੇ 5 ਸਾਲਾਂ ਤੋਂ ਬਿਨਾਂ ਅੱਗ ਲਗਾਏ ਸਫਲਤਾਪੂਰਵਕ ਖੇਤੀ ਕਰਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।
ਜਸਪਾਲ ਸਿੰਘ 20 ਏਕੜ ਵਿੱਚ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਹੈ। ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤ ਚ ਹੀ ਮਲਚਰ ਮਾਰ ਕੇ ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕਰਦਾ ਹੈ ਅਤੇ ਵਾਤਾਵਰਨ ਦੀ ਸੁੱਧਤਾ ‘ਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ।
ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਟੀ ਦੇ ਮਾਹਿਰਾਂ ਦੀਆਂ ਸੇਧਾਂ ਉੱਤੇ ਚੱਲ ਕੇ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਰਿਹਾ ਹੈ, ਜਿਸ ਨਾਲ ਅਗਲੀ ਫਸਲ ਵਿੱਚ ਖਾਦਾਂ ਦੀ ਵਰਤੋਂ ਨਾ-ਮਾਤਰ ਹੀ ਹੁੰਦੀ ਹੈ ਅਤੇ ਝਾੜ ਵਿੱਚ ਵੀ ਵਾਧਾ ਹੋ ਰਿਹਾ ਹੈ। ਜਸਪਾਲ ਦਾ ਕਹਿਣਾ ਹੈ ਕਿ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਨਾਲ ਮਿੱਟੀ ਪੋਲੀ ਅਤੇ ਭੁਰਪੁਰੀ ਹੋਈ ਹੈ ਅਤੇ ਗੁਣਵੱਤਾ ਵਿੱਚ ਵੀ ਸੁਧਾਰ ਆਇਆ ਹੈ।
ਇਸ ਅਗਾਂਹਵਧੂ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਵਿਭਾਗ ਅਤੇ ਆਤਮਾ ਸਕੀਮ ਤਹਿਤ ਜਿਲਾ ਮੋਗਾ ਵੱਲੋਂ ਸਮੇ-ਸਮੇਂ ਤੇ ਕੀਤੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਜਾਂਦਾ ਹੈ। ਕਿਸਾਨ ਜਸਪਾਲ ਸਿੰਘ ਵੱਲੋਂ ਪਰਾਲੀ ਨੂੰ ਨਾ ਸਾੜ ਕੇ ਖੇਤਾਂ ਦੀ ਮਿੱਟੀ ਦੀ ਸੰਭਾਲ ਕਰਕੇ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਗਿਆ ਅਤੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਹੈ।
ਜਸਪਾਲ ਸਿੰਘ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਹੀ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਜਰੀਏ ਖੇਤੀ ਕਰਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ ਕਿਉਕਿ ਨਵੀਆਂ ਤਕਨੀਕਾਂ ਨਾਲ ਕਿਸਾਨ ਦੇ ਕੀਮਤੀ ਸਮੇ ਦੇ ਨਾਲ ਨਾਲ ਖਰਚੇ ਦੀ ਵੀ ਬੱਚਤ ਹੁੰਦੀ ਹੈ ਅਤੇ ਇਸ ਨਾਲ ਵਾਤਾਵਰਨ ਨੂੰ ਵੀ ਕੋਈ ਬੁਰਾ ਪ੍ਰਭਾਵ ਪਾਏ ਬਿਨਾਂ ਖੇਤੀ ਤੋ ਚੰਗਾ ਲਾਹਾ ਲਿਆ ਜਾ ਸਕਦਾ ਹੈ।