• Fri. Nov 22nd, 2024

ਪਿੰਡ ਧੂੜਕੋਟ ਟਾਹਲੀ ਵਾਲਾ ਦੇ ਕਿਸਾਨ ਮਨਦੀਪ ਸਿੰਘ ਨੇ ਵਾਤਾਵਰਨ ਪੱਖੀ ਤਕਨੀਕਾਂ ਵਰਤ ਕੇ ਫਸਲ ਦੇ ਝਾੜ ਅਤੇ ਆਮਦਨ ਵਿੱਚ ਕੀਤਾ ਵਾਧਾ

ByJagraj Gill

Oct 15, 2020

ਮੋਗਾ 15 ਅਕਤੂਬਰ

/ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/

ਬਲਾਕ ਮੋਗਾ 1 ਦੇ ਪਿੰਡ ਧੂੜਕੋਟ ਟਾਹਲੀ ਵਾਲਾ ਦਾ ਵਸਨੀਕ ਸ੍ਰ. ਮਨਦੀਪ ਸਿੰਘ ਇੱਕ ਅਗਾਂਹ ਵਧੂ ਕਿਸਾਨ ਹੈ, ਜਿਸ ਵੱਲੋਂ 60 ਏਕੜ ਰਕਬੇ ਤੇ ਝੋਨੇ, ਕਣਕ ਅਤੇ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ। 60 ਏਕੜ ਵਿੱਚੋਂ 10 ਏਕੜ ਰਕਬੇ ਤੇ ਕਿਸਾਨ ਦੀ ਮਾਲਕੀ ਹੈ ਅਤੇ 50 ਏਕੜ ਦਾ ਰਕਬਾ ਠੇਕੇ ਉਪਰ ਲੈ ਕੇ ਵਾਹੀ ਕਰਦਾ ਹੈ। ਇਨ੍ਹਾਂ ਫਸਲਾਂ ਸਬੰਧੀ ਸਾਰੇ ਸੰਦ ਇਸ ਕਿਸਾਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਮੋਗਾ ਦੀ ਇਨ-ਸਿਟੂ ਸਕੀਮ ਅਧੀਨ ਉਪਦਾਨ ਤੇ ਲਏ ਹਨ।ਕਿਸਾਨ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਅਤੇ ਕਣਕ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਦਾ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਆਤਮਾ ਸਕੀਮ ਜਿਲ੍ਹਾ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਵਧੀਆ ਢੰਗ ਨਾਲ ਸਾਂਭ-ਸੰਭਾਲ ਕਰ ਰਿਹਾ ਹੈ। ਉੱਦਮੀ ਕਿਸਾਨ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਸੰਯੁਕਤ ਕੰਬਾਈਨ ਨਾਲ ਕਰਾਉਣ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰੇਗਾ। ਉਸਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਹੱਲ ਕਰਨ ਤੋਂ ਇਲਾਵਾ ਪਰਾਲੀ ਜ਼ਮੀਨ ਵਿੱਚ ਮਿਲਾਉਣ ਨਾਲ ਕਣਕ ਦੀ ਬਿਜਾਈ ਲਗਭਗ ਇੱਕ ਹਫਤਾ ਅਗੇਤੀ ਹੋ ਜਾਂਦੀ ਹੈ, ਜਿਸ ਨਾਲ ਇਸ ਤੋਂ ਅਗਲੇਰੀ ਫ਼ਸਲ, ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ। ਇਸ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ।ਅਗਾਂਹ ਵਧੂ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ ਸਾਲ 48 ਏਕੜ ਕਣਕ ਅਤੇ 12 ਏਕੜ ਆਲੂ ਦੀ ਕਾਸ਼ਤ ਕੀਤੀ ਸੀ। ਉਸਨੇ ਅੱਗੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਉਸਦੇ ਖੇਤ ਦੀ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਇਸ ਤਕਨੀਕ ਨਾਲ ਮਿੱਟੀ ਵੀ ਪਾਣੀ ਨੂੰ ਵੱਧ ਸਮੇਂ ਤੱਕ ਸੰਭਾਲ ਕੇ ਰੱਖਦੀ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਰਵਾਇਤੀ ਤਰੀਕੇ ਨਾਲ ਅੱਗ ਲਗਾਉਣ ਵਾਲੀ ਖੇਤੀ ਦੇ ਮੁਕਾਬਲੇ ਸੂਖਮ ਜੀਵਾਣੂਆਂ ਵਿੱਚ ਵੀ ਚੌਖਾ ਵਾਧਾ ਹੋਇਆ। ਮਨਦੀਪ ਸਿੰਘ ਅਨੁਸਾਰ ਵਾਤਾਵਰਣ ਦੇ ਹਿੱਤ ਵਾਲੀਆਂ ਤਕਨੀਕਾਂ ਵਰਤਣ ਕਾਰਨ ਉਸ ਦੀ ਫਸਲ ਦੇ ਝਾੜ ਅਤੇ ਉਸਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ।

ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਨੇ ਕਿਸਾਨ ਮਨਦੀਪ ਸਿੰਘ ਦੀ ਸਰਾਹਨਾ ਕਰਦਿਆਂ ਹੋਰਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸਨੂੰ ਖੇਤ ਵਿਚ ਹੀ ਵਾਹੁਣ ਨੂੰ ਤਰਜ਼ੀਹ ਦੇਣ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਬਣਾਉਣ ਲਈ ਸਹਿਯੋਗ ਕਰਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *