ਪਿੰਡ ਦਾਰਾਪੁਰ (ਮੋਗਾ), 5 ਫਰਵਰੀ (ਜਗਰਾਜ ਸਿੰਘ ਗਿੱਲ)
ਪਿੰਡ ਦੇ ਘਰਾਂ ਵਿੱਚੋਂ ਪੈਦਾ ਹੁੰਦੇ ਕੂੜੇ ਕਰਕਟ ਦੇ ਨਿਪਟਾਰੇ ਲਈ ਪਿੰਡ ਦਾਰਾਪੁਰ ਬਾਕੀ ਪਿੰਡਾਂ ਲਈ ਇੱਕ ਉਦਾਹਰਣ ਬਣਕੇ ਸਾਹਮਣੇ ਆਇਆ ਹੈ। ਇਥੇ ਦੀ ਗ੍ਰਾਮ ਪੰਚਾਇਤ ਨੇ ਸਵੱਛ ਭਾਰਤ ਗ੍ਰਾਮੀਣ ਸਕੀਮ ਤਹਿਤ ਮਗਨਅਧੀਨ ਪਿੰਡ ‘ਚ ਕੂੜੇ ਦੀ ਸਾਂਭ ਸੰਭਾਲ ਤੇ ਇਸਦੇ ਨਿਪਟਾਰੇ ਲਈ ਯਤਨ ਕਰਕੇ ਠੋਸ ਕੂੜਾ ਨਿਪਟਾਰਾ ਪ੍ਰਬੰਧਨ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਕੇ ਆਪਣੇ ਘਰਾਂ ‘ਚੋਂ ਪੈਦਾ ਹੁੰਦੇ ਕੂੜੇ ਨੂੰ ਠਿਕਾਣੇ ਲਾਉਣ ਦੇ ਪ੍ਰਬੰਧ ਕੀਤੇ ਹਨ।
ਇਸ ਪਿੰਡ ਦੀ ਵਸਨੀਕ ਮਹਿਲਾ ਅਮਰਜੀਤ ਕੌਰ ਨੇ ਕਿਹਾ ਕਿ ਘਰਾਂ ‘ਚੋਂ ਕੂੜਾ ਇਕੱਠ ਕੀਤੇ ਜਾਣ ਨਾਲ ਉਨ੍ਹਾਂ ਨੂੰ ਸੌਖ ਹੋ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ ਦਾ ਕੂੜਾ ਬਾਹਰ ਸੁੱਟਣ ਨਹੀਂ ਜਾਣਾ ਪੈਂਦਾ। ਇਸ ਨਾਲ ਉਹ ਆਪਣੇ ਘਰ ‘ਚ ਪੈਦਾ ਹੁੰਦੇ ਰਸੋਈ ਦੇ ਕੂੜੇ ਨੂੰ ਇੱਕ ਵੱਖਰੇ ਕੂੜਾ ਦਾਨ ‘ਚ ਰੱਖਦੇ ਹਨ ਅਤੇ ਪਲਾਸਟਿਕ ਤੇ ਨਾ ਗਲਣਯੋਗ ਕੂੜੇ ਨੂੰ ਦੂਸਰੇ ਕੂੜਾ ਦਾਨ ‘ਚ ਰੱਖਦੇ ਹਨ।
ਉਹਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਕੂੜਾ ਸੰਭਾਲ ਸਕੀਮ ਤਹਿਤ ਆਪਣੇ ਪਿੰਡ ਨੂੰ ਸਾਫ਼ ਸੁਥਰਾ ਰੱਖਣ ‘ਚ ਸਹਿਯੋਗ ਪਾ ਰਹੇ ਹਨ ਅਤੇ ਉਹ ਧੰਨਵਾਦ ਵੀ ਕਰਦੇ ਹਨ ਐਚ ਡੀ ਐੱਫ ਸੀ ਬੈਂਕ ਦਾ ਜਿਸ ਨੇ ਉਨ੍ਹਾਂ ਨੂੰ ਕੂੜਦਾਨ ਮੁਹਈਆ ਕਰਵਾਏ, ਜਿਸ ਨਾਲ ਉਹ ਆਪਣੇ ਘਰ ਦੇ ਕੂੜੇ ਦੇ ਸਾਫ਼-ਸੁਥਰੇ ਢੰਗ ਨਾਲ ਨਿਪਟਾਰਾ ਕਰਨ ਦੇ ਸਮਰੱਥ ਬਣੇ ਹਨ।
ਘਰਾਂ ‘ਚੋਂ ਕੂੜਾ ਵੱਖੋ-ਵੱੱਖਰਾ ਇਕੱਠਾ ਕਰਨ ਵਾਲੇ ਜਸਵੰਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੇ ਘਰਾਂ ‘ਚੋਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱੱਖਰਾ ਕਰਕੇ ਇਕੱਠਾ ਕਰਦਾ ਹੈ ਅਤੇ ਇਸ ਨੂੰ ਪਿੰਡ ਦੇ ਬਾਹਰ ਬਣਾਏ ਗਏ ਵਿਸ਼ੇਸ਼ ਕੂੜਾ ਡੰਪ ‘ਚ ਇਕੱਠਾ ਕਰਦਾ ਹੈ, ਜਿੱਥੇ ਗਿੱਲੇ ਕੂੜੇ ਤੋ ਖਾਦ ਬਣਾਈ ਜਾਂਦੀ ਹੈ। ਉਸਨੇ ਦੱੱਸਿਆ ਕਿ ਇੱਥੇ ਬਣਦੀ ਖਾਦ ਨਰਸਰੀਆਂ ਜਾਂ ਖੇਤਾਂ ‘ਚ ਵਰਤੀ ਜਾਂਦੀ ਹੈ। ਜਦੋਂਕਿ ਸੁੱਕਾ ਕੂੜਾ, ਜਿਸ ‘ਚ ਪਲਾਸਟਿਕ ਦੇ ਲਿਫਾਫ਼ੇ ਆਦਿ ਸ਼ਾਮਲ ਹਨ, ਨੂੰ ਅੱਗੇ ਮੁੜ ਵਰਤੋਂ ‘ਚ ਲਿਆਉਣ ਲਈ ਵਰਤਿਆ ਜਾਂਦਾ ਹੈ।
ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ‘ਹਰ ਘਰ ਪਾਣੀ ਘਰ ਸਫਾਈ’ ਮਿਸ਼ਨ ਤਹਿਤ ਪਿੰਡ ਦਾਰਾਪੁਰ ‘ਚ ਲਗਪਗ ਸਾਰੇ ਘਰਾਂ ‘ਚੋਂ ਸੁੱਕਾ ਤੇ ਗਿੱਲਾ ਕੂੜਾ ਵੱਖੋ-ਵੱਖਰਾ ਕਰਕੇ ਇਕੱਠਾ ਕਰਕੇ ਠੋਸ ਕੂੜਾ ਪ੍ਰਬੰਧਨ ਵਾਲੀ ਜਗ੍ਹਾ ‘ਚ ਲਿਜਾਇਆ ਜਾਂਦਾ ਹੈ ਅਤੇ ਹੁਣ ਹੋਰ ਘਰਾਂ ਦੇ ਕੂੜੇ ਨੂੰ ਵੀ ਇਸੇ ਢੰਗ ਨਾਲ ਇਕੱਠਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਸੇ ਦੌਰਾਨ ਏ.ਡੀ.ਸੀ. (ਵਿਕਾਸ) ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ‘ਚ ਕੂੜਾ ਪ੍ਰਬੰਧਨ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਦੇ ਪ੍ਰਾਜੈਕਟ ‘ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ।