ਮੋਗਾ, 11 ਸਤੰਬਰ (ਜਗਰਾਜ ਗਿੱਲ)
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਡਰੋਲੀ ਭਾਈ ਜਿਲ੍ਹਾ ਮੋਗਾ ਡਾ. ਇੰਦਰਵੀਰ ਸਿੰਘ ਗਿੱਲ ਦੇ ਹੁਕਮਾਂ ਅਨੁਸਾਰ ਸਿਹਤ ਬਲਾਕ ਡਰੋਲੀ ਭਾਈ ਵੱਲੋਂ ਕੋਵਿਡ-19 ਦੇ ਸੈਂਪਲ ਲੈਣ ਲਈ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਕਾਲੀਏਵਾਲਾ ਦੀ ਪੰਚਾਇਤ ਨੇ ਸਰਪੰਚ ਜਗਮੀਨ ਸਿੰਘ ਦੀ ਅਗਵਾਈ ਹੇਠ 104 ਪਿੰਡ ਵਾਸੀਆਂ ਦੇ ਕੋਰੋਨਾ ਦੇ ਸੈਂਪਲ ਕਰਵਾਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਡਰੋਲੀ ਭਾਈ ਦੇ ਮਾਸ ਮੀਡੀਆ ਵਿੰਗ ਦੇ ਇੰਚਾਰਜ ਬੀਈਈ ਰਛਪਾਲ ਸਿੰਘ ਸੋਸਣ ਵੱਲੋਂ ਦੱਸਿਆ ਕਿ ਪੀ ਐਚ ਸੀ ਡਰੋਲੀ ਭਾਈ ਦੀ ਟੀਮ ਵੱਲੋਂ ਅੱਜ ਪਿੰਡ ਕਾਲੀਏਵਾਲਾ ‘ਚ ਸਵੇਰੇ 11 ਵਜੇ ਸੈਂਪਲ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਲਗਾਤਾਰ ਪੰਜ ਘੰਟੇ ਸੈਂਪਲ ਲਏ ਗਏ।
ਡਾ ਗਿੱਲ ਨੇ ਦੱਸਿਆ ਕਿ ਸਰਪੰਚ ਜਗਮੀਨ ਸਿੰਘ ਤੇ ਪੰਚਾਇਤ ਨਾਲ ਮਾਸ ਮੀਡੀਆ ਵਿੰਗ ਦੇ ਇੰਚਾਰਜ ਬੀਈਈ ਰਛਪਾਲ ਸਿੰਘ ਸੋਸਣ ਵੱਲੋਂ ਕੁਝ ਦਿਨ ਪਹਿਲਾਂ ਮੀਟਿੰਗ ਕਰਕੇ ਅਫਵਾਹਾਂ ਪ੍ਰਤੀ ਜਾਗਰੂਕ ਕੀਤਾ ਗਿਆ ਸੀ ਤੇ ਪਿੰਡ ਵਾਸੀਆਂ ਨੇ ਅਫਵਾਹਾਂ ਨੂੰ ਨਕਾਰਦਿਆਂ ਵੱਡੀ ਗਿਣਤੀ ਵਿੱਚ ਸੈਂਪਲ ਦਿੱਤੇ ਹਨ। ਉਹਨਾਂ ਕਿਹਾ ਕਿ ਪੰਚਾਇਤ ਨੂੰ ਸਿਹਤ ਵਿਭਾਗ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਜਲਦ ਹੀ ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਸਿਹਤ ਕਰਮਚਾਰੀਆਂ ਅਤੇ ਪਿੰਡ ਕਾਲੀਏਵਾਲਾ ਨਿਵਾਸੀਆਂ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਕਾਮਯਾਬੀ ਵੱਲੋ ਲਿਜਾਣ ਲਈ ਲੋਕਾਂ ਦੇ ਇਸ ਤਰ੍ਹਾ ਦੇ ਸਾਥ ਦੀ ਸਖਤ ਜਰੂਰਤ ਹੈ।