ਵਿਕਾਸ ਕਾਰਜਾਂ ਨੂੰ ਹੋਰ ਪਾਰਦਰਸ਼ਤਾ ਵੱਲ ਲਿਜਾਏਗਾ ਸਿਸਟਮ-ਰਜਨੀ ਕੌਰ
ਬਾਘਾਪੁਰਾਣਾ, ਅਕਤੂਬਰ (ਜਗਰਾਜ ਸਿੰਘ ਗਿੱਲ )
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਾਈਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਾਘਾਪੁਰਾਣਾ ਬਲਾਕ ਦੇ ਪਿੰਡ ਰਾਜਿਆਣਾ ਵਿਖੇ ਸਰਪੰਚ ਜਸਵੀਰ ਸਿੰਘ ਅਤੇ ਗ੍ਰਾਮ ਰੋਜ਼ਗਾਰ ਸਹਾਇਕ ਮਿਸ ਰਜਨੀ ਕੌਰ ਨੇ ਪਿੰਡ ਵਾਸੀਆਂ ਅਤੇ ਮਗਨਰੇਗਾ ਕਾਮਿਆਂ ਨਾਲ ਇੱਕ ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ।
ਮੀਟਿੰਗ ਵਿੱਚ ਸਮੂਹ ਮਗਨਰੇਗਾ ਕਾਮਿਆਂ ਨੂੰ ਗ੍ਰਾਮ ਰੋਜ਼ਗਾਰ ਸਹਾਇਕ ਮਿਸ ਰਜਨੀ ਕੌਰ ਅਤੇ ਸਰਪੰਚ ਜਸਵੀਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਭਵਿੱਖ ਵਿੱਚ ਮਗਨਰੇਗਾ ਤਹਿਤ ਹੋਣ ਵਾਲੇ ਸਾਰੇ ਵਿਕਾਸ ਕਾਰਜ ਜੀ.ਆਈ.ਐਸ. (ਜੀਓਗ੍ਰਾਫਿਕ ਇਨਫਰਮੇਸ਼ਨ ਸਿਸਟਮ) ਰਾਹੀਂ ਹੋਣਗੇ। ਉਨਾਂ ਪਿੰਡ ਵਾਸੀਆਂ ਨੂੰ ਇਸ ਜੀ.ਆਈ.ਐਸ. ਸਿਸਟਮ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਜੀ.ਆਈ.ਐਸ. ਦਾ ਮੁੱਖ ਮੰਤਵ ਵਿਕਾਸ ਕਾਰਜਾਂ ਨੂੰ ਪਾਰਦਰਸ਼ਤਾ ਢੰਗ ਨਾਲ ਕਰਵਾਉਣਾ ਅਤੇ ਨੇਪਰੇ ਚੜਾਉਣਾ ਹੈ।
ਉਨਾਂ ਦੱਸਿਆ ਕਿ ਇਹ ਜੀ.ਆਈ.ਐਸ. ਜੀਓਗ੍ਰਾਫ਼ੀ ਅਤੇ ਇਨਫਰਮੇਸ਼ਨ ਸਿਸਟਮ ਦੇ ਸੁਮੇਲ ਨਾਲ ਬਣਿਆ ਹੋਇਆ ਸਿਸਟਮ ਹੈ, ਜਿਸ ਤਹਿਤ ਜੀਓਗ੍ਰਾਫੀ ਧਰਤੀ ਦੀ ਸਹੀ ਲੋਕੇਸ਼ਨ ਅਤੇ ਇਨਫਰਮੇਸ਼ਨ ਵਿੱਚ ਉਸ ਲੋਕੇਸ਼ਨ ਉੱਪਰ ਹੋਣ ਵਾਲੇ ਵਿਕਾਸ ਕਾਰਜ ਸ਼ਾਮਿਲ ਹੋਣਗੇ। ਉਨਾਂ ਦੱਸਿਆ ਕਿ ਕਹਿਣ ਦਾ ਭਾਵ ਇਹ ਹੈ ਕਿ ਮਗਨਰੇਗਾ ਤਹਿਤ ਹੋਣ ਵਾਲੇ ਸਾਰੇ ਵਿਕਾਸ ਕਾਰਜਾਂ ਦਾ ਕੰਪਿਊਟਰੀਕਰਨ ਹੋ ਜਾਵੇਗਾ ਜਿਸ ਤਹਿਤ ਆਮ ਲੋਕ ਵੀ ਆਪਣੇ ਮੋਬਾਇਲ ਜਾਂ ਕੰਪਿਊਟਰ ਜਰੀਏ ਮਗਨਰੇਗਾ ਤਹਿਤ ਹੋ ਚੁੱਕੇ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਵੇਖ ਸਕਣਗੇ।
ਫੋਟੇ-ਜੀ.ਆਰ.ਐਸ. ਮਿਸ ਰਜਨੀ ਕੌਰ ਅਤੇ ਸਰਪੰਚ ਪਿੰਡ ਵਾਸੀਆਂ ਅਤੇ ਨਰੇਗਾ ਕਾਮਿਆਂ ਨੂੰ ਜਾਗਰੂਕ ਕਰਨ ਸਮੇਂ