ਮੋਗਾ (ਜਗਰਾਜ ਗਿੱਲ,ਦਲੀਪ ਕੁਮਾਰ)
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੁਲਾਜ਼ਮ ਐਸੋਸ਼ੀਏਸ਼ਨ ਪੰਜਾਬ ਦੇ ਸੱਦੇ ਤੇ ਜ਼ਿਲਾ ਮੋਗਾ ਦੇ ਡੀ.ਪੀ.ਓ ਦਫ਼ਤਰ ਅਤੇ ਸੀ.ਡੀ.ਪੀ.ਓ ਦਫਤਰਾਂ ਦੇ ਮੁਲਾਜ਼ਮਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਅਤੇ ਦਫਤਰੀ ਖਰਚੇ ਅਤੇ ਹੋਰ ਖਰਚਿਆਂ ਲਈ ਸਰਕਾਰੀ ਬਜਟ ਜਾਰੀ ਨਾ ਕੀਤੇ ਜਾਣ ਕਾਰਨ ਰੋਸ ਵਜੋਂ ਸੂਬਾ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਮੁਲਾਜ਼ਮ ਐਸੋਸ਼ੀਏਸ਼ਨ ਦੇ ਜ਼ਿਲਾ ਪ੍ਰਧਾਨ ਸੁਪਰਡੈਂਟ ਮਹਾਂਵੀਰ ਦੀ ਅਗਵਾਈ ਵਿੱਚ ਇਸ ਰੋਸ ਪ੍ਰਦਰਸ਼ਨ ਦੌਰਾਨ ਗੁਰਮੀਤ ਸਿੰਘ ਰੱਖਰਾ ਕੜਿਆਲ, ਹਰਪ੍ਰੀਤ ਸਿੰਘ ਮੱਲ੍ਹੀ, ਬਿਕਰਮ ਲੂੰਬਾ, ਕੇਵਲ ਸਿੰਘ, ਮਨਦੀਪ ਕੌਰ ਸਿਨੀਅਰ ਸਹਾਇਕ, ਸੁਪਰਵਾਈਜ਼ਰ ਸੁਰਿੰਦਰ ਕੌਰ, ਗੁਰਦੀਪ ਕੌਰ, ਸਰਬਜੀਤ ਕੌਰ, ਹਰਮੀਤ ਕੌਰ, ਸੁਰਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਹੋਰਨਾਂ ਮੁਲਾਜ਼ਮਾਂ ਨੇ ਦਫਤਰਾਂ ਦਾ ਕੰਮ ਬੰਦ ਕਰਦੇ ਹੋਏ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਆਰੰਭ ਕਰ ਦਿੱਤੀ ਹੈ। ਇਸ ਮੌਕੇ ਸ਼੍ਰੀਮਤੀ ਹਰਿੰਦਰਜੀਤ ਕੌਰ ਮੀਤ ਪ੍ਰਧਾਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਪਿਛਲੇ ਤਿੰਨ ਮਹੀਨਿਆਂ ਤੋਂ ਨਹੀਂ ਦਿੱਤੀ ਗਈ, ਜਿਸ ਕਾਰਨ ਮੁਲਾਜ਼ਮਾਂ ਨੂੰ ਆਪਣਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਇਸੇ ਤਰਾਂ ਸਰਕਾਰ ਵੱਲੋਂ ਦਫਤਰੀ ਖਰਚੇ, ਬਿਜਲੀ ਟੈਲੀਫੋਨ ਅਤੇ ਬਿਲਡਿੰਗ ਸਬੰਧੀ ਵੀ ਕੋਈ ਬਜਟ ਨਹੀਂ ਜਾਰੀ ਕੀਤਾ ਗਿਆ। ਜਿਸ ਕਾਰਨ ਦਫਤਰੀ ਕੰਮਕਾਜ ਚਲਾਉਣ ਵੀ ਔਖਾ ਹੋਇਆ ਪਿਆ ਹੈ। ਸਮੂਹ ਮੁਲਾਜ਼ਮਾਂ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਜੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਤਨਖਾਹਾਂ ਰਿਲੀਜ਼ ਕਰਾਉਣ ਸਬੰਧੀ ਯੋਗ ਕਾਰਵਾਈ ਕਰਨ ਸਬੰਧੀ ਬੇਨਤੀ ਕੀਤੀ ਗਈ।
ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ ਉਨਾਂ ਦੀ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਅਤੇ ਦਫਤਰੀ ਖਰਚਿਆਂ ਲਈ ਬਜਟ ਜਾਰੀ ਨਹੀਂ ਕਰੇਗੀ, ਇਹ ਕਲਮ ਛੋੜ ਹੜਤਾਲ ਜਾਰੀ ਰਹੇਗੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਮਹਿਕਮੇ ਦੀ ਹੋਵੇਗੀ।