ਪਸ਼ੂਆਂ ਦੀ ਨਸਲ ਸੁਧਾਰ ਲਈ ਮਿਆਰੀ ਸੀਮਨ ਨਾਲ ਮਸਨੂਈ ਗਰਭਦਾਨ ਦੀ ਮੁਫ਼ਤ ਸਹੂਲਤ ਸ਼ੁਰੂ
• ਸਕੀਮ ਦਾ 15 ਮਾਰਚ, 2020 ਤੱਕ ਲਿਆ ਜਾ ਸਕਦੈ ਲਾਭ-ਡਿਪਟੀ ਡਾਇਰੈਕਟਰ ਗੁਰਮੀਤ ਸਿੰਘ
• ਵਧੇਰੇ ਜਾਣਕਾਰੀ ਲਈ ਦਫ਼ਤਰ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਨਾਲ ਕੀਤਾ ਜਾ ਸਕਦੈ ਸੰਪਰਕ
ਮੋਗਾ ( ਮਿੰਟੂ ਖੁਰਮੀ,ਕੁਲਦੀਪ ਸਿੰਘ)ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ: ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਪਸ਼ੂਆਂ ਦੀ ਨਸਲ ਸੁਧਾਰ ਲਈ ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰਾਜੈਕਟ ਤਹਿਤ ਜ਼ਿਲ੍ਹਾ ਮੋਗਾ ਦੀਆਂ 20 ਹਜ਼ਾਰ ਮੱਝਾਂ/ਗਾਵਾਂ ਨੂੰ ਹਰ ਪੱਖੋਂ ਮਿਆਰੀ ਸੀਮਨ ਨਾਲ ਮਸਨੂਈ ਗਰਭਧਾਰਨ ਕਰਾਉਣ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਕੀਮ ਸ਼ੁਰੂ ਹੋ ਚੁੱਕੀ ਹੈ ਅਤੇ ਸਕੀਮ ਅਗਲੇ ਸਾਲ 15 ਮਾਰਚ ਤੱਕ ਚੱਲੇਗੀ।
ਡਾ: ਗੁਰਮੀਤ ਸਿੰਘ ਨੇ ਕਿਹਾ ਕਿ ਇਸ ਪ੍ਰਾਜੈਕਟ ਅਧੀਨ ਜ਼ਿਲਾ ਮੋਗਾ ਦੇ 100 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਹਰ ਪਿੰਡ ਵਿੱਚ 200 ਪਸ਼ੂਆਂ ਨੂੰ ਨਸਲ ਸੁਧਾਰ ਲਈ ਮਿਆਰੀ ਸੀਮਨ ਨਾਲ ਮੁਫ਼ਤ ਮਸਨੂਈ ਗਰਭਧਾਰਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਹਿੱਤ ਵਿਭਾਗ ਦੇ ਸੀਮਨ ਸਟੇਸ਼ਨ ਪਾਸ ਲੋੜੀਂਦੀ ਮਾਤਰਾ ਵਿੱਚ ਫਰੋਜ਼ਨ ਸੀਮਨ ਸਟਰਾਅ ਉਪਲੱਬਧ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਤਹਿਤ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਸ ਨਾਲ ਮੱਝਾਂ/ਗਾਂਵਾਂ ਦੀ ਨਸਲ ਵਿੱਚ ਸੁਧਾਰ ਹੋਵੇਗਾ ਅਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨਾਲ ਹੀ ਆਸ ਜਤਾਈ ਕਿ ਇਹ ਉਪਰਾਲਾ ਡੇਅਰੀ ਫ਼ਾਰਮਿੰਗ ਦੇ ਧੰਦੇ ਨੂੰ ਵਧੇਰੇ ਲਾਹੇਵੰਦਾ ਬਣਾਉਣ ਲਈ ਕਾਫੀ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਮੋਗਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।