ਡਿਪਟੀ ਕਮਿਸ਼ਨਰ ਮੋਗਾ ਵੱਲੋਂ ਮੋਗਾ ਵਾਸੀਆਂ ਨੂੰ ਟੀਕਾਕਰਨ ਕਰਵਾਉਣ ਦੀ ਦਿੱਤੀ ਸਲਾਹ
ਮੋਗਾ 25 ਜੂਨ (ਜਗਰਾਜ ਸਿੰਘ ਗਿੱਲ)
ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੂੰ ਨੈਸਲੇ ਫੈਕਟਰੀ ਦੇ ਮੈਨੇਜੇਰ ਸ੍ਰੀ ਸਟੇਨਲੀ ਓਮੀਨ ਨੇ ਨੈਸਲੇ ਦੇ ਸੀ.ਐਸ.ਆਰ. ਪ੍ਰੋਗਰਾਮ ਤਹਿਤ 2,500 ਆਕਸੀਮੀਟਰ ਸੌਂਪੇ। ਇਸ ਮੌਕੇ ਉਨ੍ਹਾਂ ਨਾਲ ਨੈਸਲੇ ਦੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਸ੍ਰੀ ਹਰਵਿੰਦਰ ਸਿੰਘ ਤੇ ਮੈਨੇਜਰ ਅਮਨ ਬਜਾਜ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਨੈਸਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਆਕਸੀਮੀਟਰ ਕਰੋਨਾ ਨਾਲ ਪੀੜ੍ਹਤ ਮਰੀਜ਼ਾਂ ਲਈ ਆਪਣੇ ਆਕਸੀਜਨ ਪੱਧਰ ਨੂੰ ਚੈੱਕ ਕਰਨ ਲਈ ਸਹਾਈ ਹੋਣਗੇ। ਉਨ੍ਹਾਂ ਕਿਹਾ ਜਦੋਂ ਤੋਂ ਕਰੋਨਾ ਦਾ ਸੰਕਰਮਣ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਦੇ ਨਾਲ ਨਾਲ ਜਿ਼ਲ੍ਹੇ ਦੀਆਂ ਵੱਖ ਵੱਖ ਐਨ.ਜੀ.ਓ.ਜ਼ ਅਤੇ ਫੈਕਟਰੀਆਂ ਵੀ ਕਰੋਨਾ ਪੀੜ੍ਹਤ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਦੀ ਹਰ ਪੱਖੋਂ ਮੱਦਦ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ ਜਿਹੜਾ ਕਿ ਇੱਕ ਸਾਕਾਰਤਮਕ ਸੁਨੇਹਾ ਹੈ।
ਸ੍ਰੀ ਸਟੇਨਲੀ ਓਮੀਨ ਨੇ ਦੱਸਿਆ ਕਿ ਕਰੋਨਾ ਕਾਲ ਵਿੱਚ ਪੰਜਾਬ ਸਰਕਾਰ ਘਰਾਂ ਵਿੱਚ ਇਕਾਂਤਵਾਸ ਹੋਏ ਅਤੇ ਵੱਖ ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ਼ ਵਿਅਕਤੀਆਂ ਦਾ ਪੂਰਾ ਧਿਆਨ ਰੱਖ ਰਹੀ ਹੈ ਅਤੇ ਉਨ੍ਹਾਂ ਨੂੰ ਇਸ ਬਿਮਾਰੀ ਵਿੱਚ ਲੋੜੀਂਦੇ ਮੈਡੀਕਲ ਉਪਕਰਨ ਅਤੇ ਦਵਾਈਆਂ ਵੀ ਮਿਸ਼ਨ ਫਤਹਿ ਕਿੱਟ ਜਰੀਏ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਪ੍ਰੰੰਤੂ ਇਸ ਔਖੀ ਘੜੀ ਵਿੱਚ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਜਿੰਨਾ ਹੋ ਸਕੇ ਸਰਕਾਰ ਦੇ ਮਿਸ਼ਨ ਫਤਹਿ ਵਿੱਚ ਆਪਣਾ ਯੋਗਦਾਨ ਪਾਈਏ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਤੋਂ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਟੀਕਾਕਰਨ ਜਰੂਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿ਼ਲ੍ਹੇ ਵਿੱਚ ਰੋਜ਼ਾਨਾ ਟੀਕਾਕਰਨ ਕੀਤਾ ਜਾ ਰਿਹਾ ਹੈ ਜਿਸਦੀ ਜਾਣਕਾਰੀ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਦੇ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟਸ ਤੇ ਵੀ ਆਮ ਲੋਕਾਂ ਦੀ ਸਹੂਲੀਅਤ ਲਈ ਰੋਜ਼ਾਨਾ ਸਾਂਝੀ ਕੀਤੀ ਜਾ ਰਹੀ ਹੈ।