ਭਾਜਪਾ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕਾ ਦਿਆਂਗੇ-ਕਿਸਾਨ ਆਗੂ
ਨਿਹਾਲ ਸਿੰਘ ਵਾਲਾ(ਮਿੰਟੂ ਖੁਰਮੀ, ਕੁਲਦੀਪ ਗੋਹਲ)
ਕਾਲੇ ਖੇਤੀ ਕਾਨੂੰਨਾਂ ਨੂੰ ਪੂਰਨ ਤੌਰ ਤੇ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਹਾਲ ਸਿੰਘ ਵਾਲਾ ਖੇਡ ਸਟੇਡੀਅਮ ਵਿਖੇ ਪ੍ਰਧਾਨ ਮੰਤਰੀ ਮੋਦੀ, ਸਾਮਰਾਜੀ ਸ਼ਕਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਬੁੱਤ ਅਗਨ ਭੇਂਟ ਕੀਤੇ ਗਏ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸੈਦੋਕੇ, ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਹਿੰਮਤਪੁਰਾ, ਨੌਜਵਾਨ ਭਾਰਤ ਸਭਾ ਦੇ ਇਲਾਕਾ ਆਗੂ ਗੁਰਮੁਖ ਹਿੰਮਤਪੁਰਾ, ਡੀਟੀਐੱਫ਼ ਦੇ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਆਦਿ ਬੁਲਾਰਿਆਂ ਨੇ ਕਿਹਾ ਕਿ ਇਸ ਵਿਸ਼ਾਲ ਜਨਤਕ ਕਿਸਾਨ-ਮਜ਼ਦੂਰ ਸੰਘਰਸ਼ ਦੀ ਸਭ ਤੋਂ ਤੋਂ ਵੱਡੀ ਪ੍ਰਾਪਤੀ ਹੈ ਕਿ ਮਿਹਨਤਕਸ਼ ਲੋਕਾਂ ਨੇ ਆਪਣੇ ਅਸਲੀ ਦੁਸ਼ਮਣ ਦੀ ਪਛਾਣ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸਾਮਰਾਜ ਦਿਸ਼ਾ ਨਿਰਦੇਸ਼ਤ ਲੋਕ-ਦੋਖੀ ਨੀਤੀਆਂ ਨੂੰ ਲਾਗੂ ਕਰਨ ਵਾਲੇ ਦਲਾਲ ਭਾਰਤੀ ਹਾਕਮ ਅਤੇ ਖੇਤੀ ਲਾਗਤਾਂ ਸਮੇਤ ਹੋਰਨਾਂ ਖੇਤਰਾਂ ਚੋਂ ਸੁਪਰ ਮੁਨਾਫ਼ੇ ਕਮਾਉਣ ਵਾਲੇ ਦੇਸੀ- ਵਿਦੇਸ਼ੀ ਕਾਰਪੋਰੇਟ ਘਰਾਣੇ ਅੱਜ ਕਿਸਾਨ ਅੰਦੋਲਨ ਦੇ ਨਿਸ਼ਾਨੇ ‘ਤੇ ਹਨ। ਲੋਕ ਸੰਘਰਸ਼ ਦੇ ਦਬਾਅ ਦੇ ਸਦਕਾ ਹੀ ਭਾਜਪਾ ਕਿਸਾਨ ਸੈੱਲ ਦੇ ਪ੍ਰਧਾਨ ਅਤੇ ਸਾਥੀਆਂ ਨੂੰ ਬੀ.ਜੇ.ਪੀ ਤੋਂ ਕਿਨਾਰਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਨਾ ਲੈਣ ਦਾ ਐਲਾਨ ਕਰਕੇ ਮੋਦੀ ਹੰਕਾਰੀ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ ਸਗੋਂ ਉਸਨੂੰ ਭਾਰਤ ਦੀ ਮਿਹਨਤਕਸ਼ ਲੋਕਾਈ ਦੀ ਆਮ ਭਾਵਨਾ ਸੁਣਨੀ ਚਾਹੀਦੀ ਸੀ। ਬੁਲਾਰਿਆਂ ਨੇ ਕਿਹਾ ਕਿ ਅਜੋਕੇ ਬਦੀ ਦੇ ਪ੍ਰਤੀਕ ਬੁੱਤਾਂ ਨੂੰ ਅੱਗ ਲਾਉਣ ਦੇ ਸਮਾਗਮ ਪਿੰਡਾਂ ਅਤੇ ਸ਼ਹਿਰਾਂ ਦੇ ਦੇ ਸਮੂਹ ਕਿਰਤੀ ਲੋਕਾਂ ਦੀ ਜੋਟੀ ਪਾਉਣ ਦੀ ਅਹਿਮ ਕੜੀ ਬਣਨਗੇ ਕਿਉਂਕਿ ਨਿੱਜੀਕਰਨ-ਸੰਸਾਰੀਕਰਨ-ਉਦਾਰੀਕਰਨ ਦੀਆਂ ਨੀਤੀਆਂ ਪਿੰਡਾਂ ਅਤੇ ਸ਼ਹਿਰਾਂ ਦੇ ਸਮੂਹ ਕਮਾਉ ਲੋਕਾਂ ਨੂੰ ਆਪਣੀ ਮਾਰ ਹੇਠ ਜਕੜ ਰਹੀਆਂ ਹਨ। ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਸਾਂਝੀਆਂ ਕਾਰਪੋਰੇਟ ਪੱਖੀ ਨੀਤੀਆਂ ਸਮੂਹ ਅਧਿਆਪਕਾਂ-ਮੁਲਾਜ਼ਮਾਂ , ਨੌਜਵਾਨਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ,ਰੇੜ੍ਹੀ-ਫੜ੍ਹੀ ਵਾਲਿਆਂ,ਸਨਅਤੀ ਅਤੇ ਖੇਤ ਮਜ਼ਦੂਰਾਂ ਦੀ ਸੰਘੀ ਘੁੱਟਣ ਦਾ ਸਬੱਬ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘੋਲ਼ ਤੇ ਸਿਆਸੀ ਫੁਲਕੇ ਸੇਕਣ ਵਾਲੀਆਂ ਵੱਖ-ਵੱਖ ਰਾਜਸੀ ਪਾਰਟੀਆਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਮਹਿਜ਼ ਘੱਟੋ-ਘੱਟ ਸਮਰਥਨ ਮੁੱਲ ਮੁੱਲ ਦੀ ਗਾਰੰਟੀ ਤੱਕ ਸੁੰਗੇੜ ਕੇ ਵੇਖ ਰਹੀਆਂ ਹਨ ਜਦੋਂ ਕਿ ਮਾਮਲਾ ਸਰਕਾਰੀ ਖਰੀਦ ਚਾਲੂ ਰੱਖਣ ਅਤੇ ਖੁੱਲੀ ਮੰਡੀ ਅਤੇ ਠੇਕਾ ਨੀਤੀ ਬੰਦ ਕਰਨ ਅਤੇ ਖੇਤੀ ਖੇਤਰ ਤੋਂ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਹੈ। ਭਰਵੇਂ ਇਕੱਠ ਨੇ ਮੰਗ ਕੀਤੀ ਕਿ ਮੋਦੀ ਹਕੂਮਤ ਜਲਦ ਤੋਂ ਜਲਦ ਕਾਲੇ ਖੇਤੀ ਕਾਨੂੰਨ ਰੱਦ ਕਰੇ ਨਹੀਂ ਤਾਂ ਲੜ ਰਹੇ ਅਣਖੀ ਲੋਕ ਭਾਜਪਾ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਪੂਰਨ ਤੌਰ ਤੇ ਖਿਸਕਾ ਦੇਣਗੇ।ਇਸ ਸਮੇਂ ਬੀਕੇਯੂ ਉਗਰਾਹਾਂ ਦੇ ਸੁਦਾਗਰ ਸਿੰਘ ਖਾਈ,ਜੰਗੀਰ ਸਿੰਘ ਹਿੰਮਤਪੁਰਾ, ਇੰਦਰਮੋਹਨ ਸਿੰਘ, ਮਹਿੰਦਰ ਕੌਰ ਆਂਗਣਵਾੜੀ ਵਰਕਰ, ਨਿਰਮਲ ਸਿੰਘ ਖੋਟੇ, ਮਹਿੰਦਰ ਸਿੰਘ ਸੈਦੋਕੇ, ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਵੀ ਸੰਬੋਧਨ ਕੀਤਾ।ਇਸ ਡੀਟੀਐੱਫ਼ ਆਗੂ ਸੁਖਮੰਦਰ ਨਿਹਾਲ ਸਿੰਘ ਵਾਲਾ, ਹਰਪ੍ਰੀਤ ਰਾਮਾਂ, ਜੱਸੀ ਹਿੰਮਤਪੁਰਾ, ਨੌਜਵਾਨ ਆਗੂ ਨਿਰਮਲ ਹਿੰਮਤਪੁਰਾ, ਜਗਮੋਹਨ ਸੈਦੋਕੇ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ, ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ।