ਕੱਲ੍ਹ ਹੋਣਗੇ ਜ਼ਿਲ੍ਹੇ ਦੇ ਬਲਾਕ ਪੱਧਰੀ ਸਮਾਗਮ
ਨਿਹਾਲ ਸਿੰਘ ਵਾਲਾ 23 ਦਸੰਬਰ (ਮਿੰਟੂ ਖੁਰਮੀ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਬਿਜਲੀ ਸੋਧ ਐਕਟ 2020 ਅਤੇ ਪਰਾਲੀ ਐਕਟ ਖਿਲਾਫ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਾਥੀਆਂ ਨੂੰ ਪ੍ਰਣਾਮ ਕੀਤਾ ਗਿਆ। ਸ਼ਰਧਾਂਜਲੀ ਸਮਾਗਮਾਂ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਘੋਲ਼ ਸਹਾਇਤਾ ਕਮੇਟੀ ਨਿਹਾਲ ਸਿੰਘ ਵਾਲਾ ਦੇ ਆਗੂਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਤੀਸਰੇ ਦਿਨ ਵੀ ਸ਼ਰਧਾਂਜਲੀ ਸਮਾਗਮਾਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਹੱਕੀ ਸੰਘਰਸ਼ ਨੂੰ ਕੇਂਦਰ ਦੀ ਮੋਦੀ ਹਕੂਮਤ ਦੀਆਂ ਕੋਝੀਆਂ ਚਾਲਾਂ ਫੇਲ ਨਹੀਂ ਕਰ ਸਕਦੀਆਂ। ਫਿਰਕੂ ਤਾਕਤਾਂ ਵੱਲੋਂ ਫੈਲਾਈਆਂ ਗਈਆਂ ਹਰ ਤਰ੍ਹਾਂ ਦੀਆਂ ਗੱਲਾਂ ਨੂੰ ਲੋਕਾਂ ਦਰਕਿਨਾਰ ਕੀਤਾ ਹੈ।। ਜਿੱਥੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਘੋਲ਼ ਵਿਚ ਜਾਨਾਂ ਵਾਰਨ ਵਾਲੇ ਬਹਾਦਰ
ਸਾਥੀਆਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ। ਕਿਸਾਨ ਸੰਘਰਸ਼ ਦੀ ਲੋਕਾਂ ਵੱਲੋਂ ਡਟਕੇ ਹਮਾਇਤ ਕੀਤੀ ਜਾ ਰਹੀ ਹੈ। ਲੋਕਾਂ ਦੀ ਕਿਸਾਨ ਜਥੇਬੰਦੀਆਂ ਨੂੰ ਕੀਤੀ ਜਾ ਰਹੀ ਆਰਥਿਕ ਸਹਾਇਤਾ ਵੀ ਮੋਦੀ ਹਕੂਮਤ ਨੂੰ ਅੱਖ ਦੇ ਰੋੜ ਵਾਂਗ ਚੁਭ ਰਹੀ ਹੈ।।ਲੋਕ ਦੋਖੀ ਸਰਕਾਰ ਆਪਣਾ ਹਰ ਹਰਬਾ ਵਰਤ ਰਹੀ ਹੈ।ਪਰ ਸਰਕਾਰ ਨੂੰ ਲੋਕਾਂ ਦੇ ਸੰਘਰਸ਼ ਤੇ ਏਕੇ ਦੀ ਤਾਕਤ ਤੋਂ ਮੂੰਹ ਦੀ ਖਾਣੀ ਪਵੇਗੀ।ਕਿਸਾਨ ਘੋਲ਼ ਸਹਾਇਤਾ ਕਮੇਟੀ ਨਿਹਾਲ ਸਿੰਘ ਵਾਲਾ ਦੇ ਆਗੂਆਂ ਨੇ ਵੱਖ-ਵੱਖ ਪਿੰਡਾਂ ਵਿੱਚ ਹੋਏ ਸਮਾਗਮ ਅਤੇ ਮਾਰਚ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਜਿੱਤ ਪ੍ਰਾਪਤ ਕਰੇਗਾ। ਕਾਰਪੋਰੇਟ ਘਰਾਣਿਆਂ ਦੀ ਅੰਨੀ ਮਚਾਉਣ ਵਿੱਚ ਜੁਟੀ ਹੋਈ ਮੋਦੀ ਹਕੂਮਤ ਨੂੰ ਲੋਕ ਰੋਹ ਅੱਗੇ ਝੁਕਦਿਆਂ ਆਪਣੇ ਕਿਸਾਨ ਮਾਰੂ ਫੈਸਲੇ ਵਾਪਸ ਲੈਣੇ ਹੀ ਪੈਣਗੇ।ਇਸ ਸਮੇਂ ਪਿੰਡ ਖਾਈ, ਰਣੀਆਂ, ਮਾਛੀਕੇ, ਗਾਜੀਆਣਾ, ਨੰਗਲ, ਤਖਤੂਪੁਰਾ, ਬੌਡੇ ਵਿਖੇ ਕੁਲਦੀਪ ਕੌਰ ਕੁੱਸਾ, ਗੁਰਮੁਖ ਸਿੰਘ ਹਿੰਮਤਪੁਰਾ, ਜਗਮੋਹਨ ਸਿੰਘ ਸੈਦੋਕੇ, ਗੁਰਮੇਲ ਸਿੰਘ ਸੈਦੋਕੇ, ਬੂਟਾ ਸਿੰਘ ਭਾਗੀਕੇ, ਇੰਦਰਮੋਹਨ ਸਿੰਘ ਪੱਤੋਂ, ਗੁਰਚਰਨ ਸਿੰਘ ਰਾਮਾਂ, ਕਰਮ ਰਾਮਾਂ, ਅਮਨਦੀਪ ਸਿੰਘ ਮਾਛੀਕੇ, ਸੁਖਮੰਦਰ ਨਿਹਾਲ ਸਿੰਘ ਵਾਲਾ ਪ੍ਰੈਸ ਸਕੱਤਰ ਕਿਸਾਨ ਘੋਲ਼ ਸਹਾਇਤਾ ਕਮੇਟੀ ਨਿਹਾਲ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।