“ਆਓ ! ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੀ ਸੁਰੱਖਿਅਤ ਅਤੇ ਰਹਿਣਯੋਗ ਧਰਤੀ ਸਿਰਜਨ ਵਿੱਚ ਆਪਣਾ ਯੋਗਦਾਨ ਪਾਈਏ”
– ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਨ ਦੀ ਸੰਭਾਲ ਲਈ ਹਰ ਨਾਗਰਿਕ ਦੀ ਭਾਗੀਦਾਰੀ ਅਹਿਮ – ਡਿਪਟੀ ਕਮਿਸ਼ਨਰ
ਮੋਗਾ, 5 ਜੂਨ (ਕੀਤਾ ਬਾਰੇਵਾਲ ਜਗਸੀਰ ਪੱਤੋਂ) – ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੁਅਲ ਸਮਾਗਮ ਰਾਹੀਂ ਰਾਜ ਵਿੱਚ ਨਵੇਂ ਨਰੋਏ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ। ਇਹ ਸਮਾਗਮ ਰਾਜ ਦੇ ਵੱਖ-ਵੱਖ ਜ਼ਿਲਿਆਂ, ਸਬ ਡਵੀਜ਼ਨਾਂ ਵਿੱਚ ਵਰਚੁਅਲ ਤਰੀਕੇ ਨਾਲ ਹੋਇਆ ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਕੈਬਨਿਟ ਵਜ਼ੀਰਾਂ ਤੋ ਇਲਾਵਾ ਵਿਭਾਗਾਂ ਦੇ ਮੁਖੀਆਂ ਨੇ ਵੀ ਭਾਗ ਲਿਆ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਵਰਚੁਅਲ ਸਮਾਗਮ ਵਿੱਚ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਤੋਂ ਇਲਾਵਾ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਸ੍ਰ ਇੰਦਰਜੀਤ ਸਿੰਘ ਬੀੜ੍ਹ ਚੜਿੱਕ, ਚੇਅਰਮੈਨ ਸ਼੍ਰੀ ਵਿਨੋਦ ਬਾਂਸਲ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰ ਨਵਜੋਤ ਸਿੰਘ ਤੂਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਤੋਂ ਬਾਅਦ ਗੱਲਬਾਤ ਕਰਦਿਆਂ ਸ਼੍ਰੀ ਹਰਜੋਤ ਕਮਲ ਨੇ ਨੇ ਕਿਹਾ ਕਿ ਅੱਜ ਅਸੀਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਵੇਂ-ਨਰੋਏ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਤੇ ਹੁਣ ਇਸ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਅਤੇ ਵਿਸਤਾਰ ਦਿੰਦਿਆਂ ਹੋਇਆਂ ਇਸ ਵਿਚ ਵੱਖ-ਵੱਖ 10 ਸੂਤਰੀ ਗਤੀਵਿਧੀਆਂ ਅਤੇ ਹੋਰ ਵਿਭਾਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਤੇ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਦਿਨ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੀ ਸੁਰੱਖਿਅਤ ਅਤੇ ਰਹਿਣਯੋਗ ਧਰਤੀ ਸਿਰਜਨ ਵਿੱਚ ਆਪਣਾ ਯੋਗਦਾਨ ਪਾਈਏ।ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਸਾਫ਼-ਸੁਥਰਾ ਵਾਤਾਵਰਣ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਹੰਭਲਾ ਮਾਰਨ ਅਤੇ ਇਸ ਮਿਸ਼ਨ ਵਿਚ ਸਰਕਾਰ ਦਾ ਸਹਿਯੋਗ ਦੇਣ।
ਉਹਨਾਂ ਨੇ ਅੱਗੇ ਕਿਹਾ ਕਿ ਨਵੇਂ ਨਰੋਏ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਇਸ ਮਿਸ਼ਨ ਵਿੱਚ ਸਾਫ ਹਵਾ, ਸਾਫ ਪਾਣੀ ਸਿਹਤਮੰਦ ਮਿੱਟੀ, ਕੂੜਾ ਪ੍ਰਬੰਧਨ, ਹਰਿਆਵਲ ਪੰਜਾਬ , ਖੁਰਾਕ ਸੁਰੱਖਿਆ,ਸੜਕ ਸੁਰੱਖਿਆ, ਖੇਡੇ ਪੰਜਾਬ, ਪੋਸ਼ਣ ਅਤੇ ਸਿਹਤ ਸੁਰੱਖਿਆ ਆਦਿ ਵਿਸ਼ਿਆਂ ਸਬੰਧੀ ਵਿਸ਼ੇਸ਼ ਗਤੀਵਿਧੀਆਂ ਅਤੇ ਕੰਮ ਕੀਤਾ ਜਾਵੇਗਾ। ਮਿਸ਼ਨ ਤੰਦਰੁਸਤ ਪੰਜਾਬ ਵਿੱਚ ਪਿਛਲੇ ਸਮੇਂ ਵਿਚ ਵੱਖ-ਵੱਖ ਵਿਭਾਗਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਦੀ ਸਰਾਹਨਾ ਕਰਦਿਆਂ ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਤਹਿਤ ਵਡਮੁੱਲੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਤਰਜੀਹੀ ਤੌਰ ‘ਤੇ ਲੈਣ ਤਾਂ ਜੋ ਅਸੀਂ ਆਪਣੀਆਂ ਆਉਣ ਪੀੜ੍ਹੀਆਂ ਲਈ ਵੀ ਸਾਫ ਸੁਥਰਾ ਹਰਿਆਵਲ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜੀਏ ਅਤੇ ਉਨਾਂ ਨੂੰ ਸੁਰੱਖਿਅਤ ਖਾਦ ਪਦਾਰਥ ਮੁਹੱਈਆ ਕਰਵਾਉਣ ਦਾ ਪ੍ਰਣ ਲਈਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਨਰੋਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਵਿਭਾਗਾਂ ਵਿਚ ਪਹਿਲਾਂ ਤੋਂ ਵੀ ਵੱਧ ਗਤੀਵਿਧੀਆਂ ਚਲਾਈਆਂ ਜਾਣਗੀਆਂ ਅਤੇ ਇਸ ਮਿਸ਼ਨ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੂਰੇ ਜ਼ੋਰਾਂ ਨਾਲ ਲੋਕਾਂ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਸਾਫ ਹਵਾ, ਪਾਣੀ , ਸਿਹਤਮੰਦ ਮਿੱਟੀ, ਹਰਿਆਵਲ ਪੰਜਾਬ, ਸੜਕ ਸੁਰੱਖਿਆ, ਖੇਡਾਂ, ਪੋਸ਼ਣ, ਸਿਹਤ ਸੁਰੱਖਿਆ ਸਮੇਤ ਹਰ ਖੇਤਰ ਵਿਚ ਸਮਰੱਥ ਬਣਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਸਿਰਤੋੜ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਨਾਗਰਿਕ ਦੀ ਭਾਗੀਦਾਰੀ ਅਹਿਮ ਹੈ। ਉਨ੍ਹਾਂ ਉਮੀਦ ਕੀਤੀ ਕਿ ਲੋਕਾਂ ਦੇ ਸਹਿਯੋਗ ਤੇ ਵੱਖ ਵੱਖ ਵਿਭਾਗਾਂ ਦੀ ਮਿਹਨਤ ਨਾਲ ਇਸ ਮਿਸ਼ਨ ਵਿੱਚ ਕਾਮਯਾਬੀ ਮਿਲੇਗੀ।