ਸਤੰਬਰ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਸਕਿੱਲ ਕੋਰਸ-ਸੁਭਾਸ਼ ਚੰਦਰ
ਵਧੇਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਹਾਇਤਾ ਨੰਬਰ ਵੀ ਜਾਰੀ-ਵਧੀਕ ਡਿਪਟੀ ਕਮਿਸ਼ਨਰ
ਮੋਗਾ, 26 ਅਗਸਤ
ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ
ਨਰਸਾਂ ਦੇ ਕਿੱਤਾ ਮੁੱਖੀ ਹੁਨਰ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ) ਬਠਿੰਡਾ ਵਿਖੇ ਨਰਸਾਂ ਲਈ ਇੱਕ ਕੋਰਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਕੋਰਸ ਸਤੰਬਰ 2021 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿੱਚ ਨਰਸਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਉੱਚ ਕੋਟੀ ਦੇ ਸਿਹਤ ਉਪਰਕਣਾਂ ਨੂੰ ਸਹੀ ਢੰਗ ਨਾਲ ਇਸਤੇਮਾਲ ਵਿੱਚ ਲਿਆਉਣ ਤੋਂ ਇਲਾਵਾ ਹੋਰ ਵੀ ਕਈ ਮਹੱਤਵਪੂਰਨ ਸਿਹਤ ਵਿਸ਼ਿਆਂ ਤੇ ਟ੍ਰੇਨਿੰਗ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਨਰਸਾਂ ਦੇ ਕਿੱਤਾ ਮੁਖੀ ਹੁਨਰ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕਰਨਾ ਹੈ। ਇਸ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ ਅਤੇ ਇਸ ਸਮੇਂ ਦੌਰਾਨ ਨਰਸਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਬਿਲਕੁਲ ਮੁਫ਼ਤ ਹੋਵੇਗਾ।ਇਸ ਕੋਰਸ ਦਾ ਲਾਭ ਲੈਣ ਲਈ ਚਾਹਵਾਨ ਲੜਕੀਆਂ ਆਪਣੇ ਆਪ ਨੂੰ www.psdm.gov.in ਉੱਪਰ ਰਜਿਸਟਰਡ ਕਰਵਾਉਣ। ਉਨ੍ਹਾਂ ਕਿਹਾ ਕਿ ਇਸ ਕੋਰਸ ਸਬੰਧੀ ਵਧੇਰੇ ਸਹਾਇਤਾ ਦੀ ਲੋੜ ਹੋਵੇ ਤਾਂ ਨਰਸਾਂ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਮੋਗਾ ਦੇ ਮੋਬਾਇਲ ਨੰ. 70739-11757 ਅਤੇ 94651-59813 ‘ਤੇ ਸੰਪਰਕ ਕਰ ਸਕਦੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੋਰਸ ਵਿੱਚ ਦਾਖ਼ਲਾ ਲੈਣ ਲਈ ਨਰਸ ਦੀ 60 ਫੀਸਦੀ ਨਾਲ ਬੀ.ਐਸ.ਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਜਾਂ ਉਸ ਪਾਸ 60 ਫ਼ੀਸਦੀ ਨੰਬਰਾਂ ਨਾਲ ਜੀ.ਐਨ.ਐਮ ਨਰਸਿੰਗ ਕੋਰਸ ਦੇ ਨਾਲ 2 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਨਰਸ ਨੇ ਇਹ ਦੋ ਸਾਲ ਦਾ ਤਜ਼ਰਬਾ ਘੱਟ ਤੋਂ ਘੱਟ 50 ਬੈੱਡਾਂ ਵਾਲੇ ਹਸਪਤਾਲ ਵਿੱਚ ਕੰਮ ਕਰਕੇ ਬਣਾਇਆ ਹੋਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੋਰਸ ਪੂਰਾ ਕਰਨ ਉਪਰੰਤ ਨਰਸਾਂ ਨੂੰ ਸਰਟੀਫਿਕੇਟ ਏਮਜ਼ ਬਠਿੰਡਾ ਵੱਲੋ ਦਿੱਤਾ ਜਾਵੇਗਾ ਅਤੇ ਸਰਟੀਫਾਈਡ ਨਰਸਾਂ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਨੌਕਰੀ ਦਿੱਤੀ ਜਾਵੇਗੀ।
ਉਨ੍ਹਾਂ ਦੀਆਂ ਯੋਗਤਾ ਪੂਰੀਆਂ ਕਰਨ ਵਾਲੀਆਂ ਨਰਸਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।