ਕੋਟ ਈਸੇ ਖਾਂ 17 ਫ਼ਰਵਰੀ (ਜਗਰਾਜ ਸਿੰਘ ਗਿੱਲ) ਸਥਾਨਕ ਨਗਰ ਪੰਚਾਇਤ ਚੋਣਾਂ ਵਿਚ ਜਿਸ ਦੀਆਂ ਕਿ ਕੁੱਲ ਤੇਰਾਂ ਸੀਟਾਂ ਹਨ ਵਿੱਚੋਂ ਕਾਂਗਰਸ ਪਾਰਟੀ ਨੌੰ ਸੀਟਾਂ ਤੇ ਕਬਜ਼ਾ ਕਰਨ ਵਿਚ ਸਫਲ ਹੋਈ ਹੈ ।ਇਸ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਦੇ ਨਾਲ ਨਾਲ ਦੋ ਅਕਾਲੀ ਉਮੀਦਵਾਰ ਅਤੇ ਇਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਚੋਣ ਜਿੱਤਣ ਵਿੱਚ ਸਫ਼ਲ ਹੋਇਆ ਹੈ ।ਇਸ ਚੋਣ ਵਿਚ ਨਗਰ ਪੰਚਾਇਤ ਦਾ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਆਪਣੇ ਵਾਰਡ ਨੰਬਰ ਦੱਸ ਵਿੱਚੋਂ ਆਪਣੇ ਨਿਕਟ ਵਿਰੋਧੀ ਕਾਂਗਰਸੀ ਉਮੀਦਵਾਰ ਪ੍ਰਦੀਪ ਕੁਮਾਰ ਪਲਤਾ ਕੋਲੋਂ ਮਹਿਜ਼ 51 ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਹੈ ਅਤੇ ਇਸੇ ਤਰ੍ਹਾਂ ਵਾਰਡ ਨੰਬਰ ਗਿਆਰਾਂ ਤੋਂ ਕਾਂਗਰਸ ਦੀ ਕਿਰਨ ਬਾਲਾ ਧਰਮਪਤਨੀ ਕ੍ਰਿਸ਼ਨ ਕੁਮਾਰ ਤਿਵਾੜੀ ਵੀ ਆਪਣੇ ਨਿਕਟ ਵਿਰੋਧੀ ਆਜ਼ਾਦ ਉਮੀਦਵਾਰ ਸਿਮਰਨਜੀਤ ਕੌਰ ਪਤਨੀ ਬਿਕਰਮਜੀਤ ਸ਼ਰਮਾ ਬਿੱਲਾ ਤੋਂ128 ਵੋਟਾਂ ਦੇ ਫ਼ਰਕ ਨਾਲ ਸੀਟ ਹਾਰ ਗਈ ਹੈ ।ਭਰੋਸੇਯੋਗ ਵਸੀਲਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਆਜ਼ਾਦ ਉਮੀਦਵਾਰ ਦਾ ਪਰਿਵਾਰ ਜਿਹੜਾ ਕਿ ਪਹਿਲਾਂ ਕਾਂਗਰਸੀ ਵਰਕਰ ਸੀ ਅਤੇ ਇਸ ਸਮੇਂ ਵੀ ਉਸ ਦਾ ਕਾਂਗਰਸ ਵਿੱਚ ਵਿਚਰਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ ।ਇਥੋਂ ਆਮ ਆਦਮੀ ਪਾਰਟੀ ਵੱਲੋਂ ਵੀ ਆਪਣਾ ਖਾਤਾ ਖੋਲ੍ਹਿਆ ਗਿਆ ਹੈ ਜਿਸ ਦਾ ਉਮੀਦਵਾਰ ਗੁਰਪ੍ਰੀਤ ਸਿੰਘ ਸਿੱਧੂ ਜਿਸ ਨੇ ਨਿਕਟ ਵਿਰੋਧੀ ਕਾਂਗਰਸ ਦੇ ਉਮੀਦਵਾਰ ਦੇਸਰਾਜ ਟੱਕਰ ਨੂੰ 60 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਇਹ ਸੀਟ ਸਿੱਧੂ ਪਰਿਵਾਰ ਵਿੱਚੋਂ ਵਾਪਸ ਲੈ ਕੇ ਕਿਸੇ ਹੋਰ ਨੂੰ ਦਿੱਤੀ ਗਈ ਸੀ ਪ੍ਰੰਤੂ ਅਖੀਰਲੇ ਸਮੇਂ ਤੱਕ ਇਹ ਸੀਟ ਦੁਬਾਰਾ ਉਨ੍ਹਾਂ ਨੂੰ ਦੇ ਕੇ ਉਨ੍ਹਾਂ ਵੱਲੋਂ ਠੀਕ ਕੀਤਾ ਗਿਆ ਜਿਸ ਦਾ ਇਹ ਨਤੀਜਾ ਨਿਕਲਿਆ ਕਿ ਆਮ ਆਦਮੀ ਪਾਰਟੀ ਸਥਾਨਕ ਚੋਣਾਂ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਰਹੀ
