ਮੋਗਾ, 30 ਜਨਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਨਗਰ ਨਿਗਮ ਮੋਗਾ ਅਤੇ ਨਗਰ ਪੰਚਾਇਤਾਂ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਅੱਜ ਮੋਗਾ ਨਗਰ ਨਿਗਮ ਦੇ ਵਾਰਡ ਨੰਬਰ 47 ਲਈ ਦੋ ਨਾਮਜ਼ਦਗੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਸ਼੍ਰੀਮਤੀ ਪੂਨਮ ਰਾਣੀ ਅਤੇ ਆਜ਼ਾਦ ਉਮੀਦਵਾਰ ਸ਼੍ਰੀਮਤੀ ਰੰਜਨਾ ਮਖ਼ੀਜਾ ਵੱਲੋਂ ਭਰੀਆਂ ਗਈਆਂ। ਬਾਕੀ ਹੋਰ ਕਿਸੇ ਜਗ੍ਹਾ ਤੋਂ ਕੋਈ ਵੀ ਨਾਮਜ਼ਦਗੀ ਦਰਜ ਨਹੀਂ ਕੀਤੀ ਗਈ।
ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ 3 ਫਰਵਰੀ 2021 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ, 2021 ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ 2021 ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸਾਮ 5:00 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕਾਰਜ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ।
ਇਹਨਾਂ ਚੋਣਾਂ ਲਈ ਕਮੇਟੀ ਵਾਰ ਅਤੇ ਵਾਰਡ ਵਾਰ ਰਿਟਰਨਿੰਗ ਅਫ਼ਸਰ ਲਗਾਏ ਗਏ ਹਨ ਜੋ ਕਿ ਨਿਰਧਾਰਤ ਸਥਾਨ ਉੱਤੇ ਨਾਮਜ਼ਦਗੀਆਂ ਪ੍ਰਾਪਤ ਕਰਨਗੇ।
ਉਹਨਾਂ ਕਿਹਾ ਵਾਰਡ ਨੰਬਰ 1, 2, 3, 6, 7, 8, 9, 11, 13, 16, 17, 18, 19, 20, 22, 24, 25 ਲਈ ਸ੍ਰ ਹਰਿੰਦਰ ਸਿੰਘ ਢਿੱਲੋਂ ਐਕਸੀਅਨ ਮੋਗਾ (8288829999) ਲਗਾਏ ਗਏ ਹਨ ਜੋ ਕਿ ਰੂਮ ਨੰਬਰ 411 ਲੋਕ ਨਿਰਮਾਣ ਵਿਭਾਗ ਦਫ਼ਤਰ ਬਲਾਕ ਸੀ ਵਿਖੇ ਨਾਮਜ਼ਦਗੀਆਂ ਲੈਣਗੇ। ਵਾਰਡ ਨੰਬਰ 4, 5, 10, 12, 14, 15, 21, 23, 28, 29, 32, 33, 36, 48, 49, 50 ਲਈ ਸ੍ਰ ਸਰਤਾਜ ਸਿੰਘ ਚੀਮਾ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (9872644470) ਲਗਾਇਆ ਗਿਆ ਹੈ ਜੋ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਕੋਰਟ ਰੂਮ ਵਿਖੇ ਨਾਮਜ਼ਦਗੀਆਂ ਲੈਣਗੇ। ਵਾਰਡ ਨੰਬਰ 26, 27, 30, 31, 34, 35, 37, 38, 39, 40, 41, 42, 43, 44, 45, 46, 47 ਲਈ ਡਾ ਨਰਿੰਦਰ ਸਿੰਘ ਉਪ ਮੰਡਲ ਮੈਜਿਸਟਰੇਟ ਧਰਮਕੋਟ ਨੂੰ ਲਗਾਇਆ ਗਿਆ ਹੈ ਜੋ ਕਿ ਉਪ ਮੰਡਲ ਮੈਜਿਸਟਰੇਟ ਮੋਗਾ ਦੇ ਕੋਰਟ ਰੂਮ ਨੰਬਰ 116 ਬੀ ਵਿਖੇ ਨਾਮਜ਼ਦਗੀਆਂ ਲੈਣਗੇ।
ਇਸੇ ਤਰ੍ਹਾਂ ਨਗਰ ਕੌਂਸਲ ਕਮੇਟੀ ਕੋਟ ਇਸੇ ਖਾਂ ਲਈ ਤਹਿਸੀਲਦਾਰ ਸ੍ਰ ਗੁਰਮੀਤ ਸਿੰਘ (9815662510) ਨੂੰ ਲਗਾਇਆ ਗਿਆ ਹੈ ਜੋ ਕਿ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਕੋਟ ਇਸੇ ਖਾਂ ਵਿਖੇ ਨਾਮਜ਼ਦਗੀਆਂ ਲੈਣਗੇ।
ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੀਆਂ ਨਾਮਜ਼ਦਗੀਆਂ ਉਪ ਮੰਡਲ ਮੈਜਿਸਟਰੇਟ ਸ੍ਰ ਰਾਮ ਸਿੰਘ (9915335032) ਕੋਲ ਕੋਰਟ ਰੂਮ ਉਪ ਮੰਡਲ ਮੈਜਿਸਟਰੇਟ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਅਤੇ ਨਗਰ ਕੌਂਸਲ ਬਧਨੀ ਕਲਾਂ ਦੀਆਂ ਨਾਮਜ਼ਦਗੀਆਂ ਤਹਿਸੀਲਦਾਰ ਸ੍ਰ ਭੁਪਿੰਦਰ ਸਿੰਘ ਕੋਲ ਦਫ਼ਤਰ ਨਾਇਬ ਤਹਿਸੀਲਦਾਰ ਬਧਨੀ ਕਲਾਂ ਵਿਖੇ ਦਿੱਤੀਆਂ ਜਾ ਸਕਦੀਆਂ ਹਨ।
ਉਹਨਾਂ ਕਿਹਾ ਕਿ ਨਗਰ ਨਿਗਮ ਦੇ ਉਮੀਦਵਾਰ ਲਈ ਖਰਚਾ ਹੱਦ 3 ਲੱਖ ਰੁਪਏ, ਨਗਰ ਕੌਂਸਲ ਕਲਾਸ-1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.05 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।
ਉਹਨਾਂ ਅੱਗੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ, ਸਮੁੱਚੀ ਚੋਣ ਪ੍ਰਕਿਰਿਆ ਦੌਰਾਨ 10-12-2020 ਨੂੰ ਜਾਰੀ ਐਸ.ਓ.ਪੀ. ਅਤੇ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਚੋਣ ਡਿਊਟੀ ਲਈ ਤਾਇਨਾਤ ਅਮਲੇ ਨੂੰ ਮਾਸਕ, ਸੈਨੇਟਾਈਜ਼ਰ, ਤਾਪਮਾਨ ਮਾਪਣ ਵਾਲੇ ਉਪਕਰਨ ਅਤੇ ਦਸਤਾਨੇ ਮੁਹੱਈਆ ਕਰਵਾਏ ਜਾਣਗੇ। ਇਹ ਚੋਣਾਂ ਈ.ਵੀ.ਐਮ. ਰਾਹੀਂ ਹੋਣਗੀਆਂ।