ਮੋਗਾ 12 ਸਤੰਬਰ (ਜਗਰਾਜ ਗਿੱਲ, ਮਨਪ੍ਰੀਤ ਮੋਗਾ)
ਕਰੋਨਾ ਮਹਾਂਮਾਰੀ ਨੂੰ ਜੜ੍ਹ ਤੋ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋ ਵਿੱਢੇ ਗਏ ਮਿਸ਼ਨ ਫਤਹਿ ਨੂੰ ਆਮ ਲੋਕਾਂ ਦੇ ਸਾਂਝੇ ਸਹਿਯੋਗ ਸਦਕਾ ਫਤਹਿ ਕੀਤਾ ਜਾ ਸਕਦਾ ਹੈ। ਲੋਕਾਂ ਵਿਚਲੀ ਜਾਗਰੂਕਤਾ ਜਿਵੇ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਸੈਨੇਟਾਈਜ਼ਰ ਦੀ ਵਰਤੋ ਕਰਨਾ, ਬੇਲੋੜੀ ਮੂਵਮੈਟ ਬੰਦ ਕਰਨੀ, ਸਮਾਜਿਕ ਦੂਰੀ ਕਾਇਮ ਰੱਖਣੀ ਆਦਿ ਜਰੀਏ ਹੀ ਇਸ ਮਹਾਂਮਾਰੀ ਦੇ ਸੰਕਰਮਣ ਨੂੰ ਖਤਮ ਕੀਤਾ ਜਾ ਸਕਦਾ ਹੈ। ਸਾਰੇ ਸਰਕਾਰੀ ਵਿਭਾਗ ਆਪਣੇ ਆਪਣੇ ਤਰੀਕੇ ਨਾਲ ਮਿਸ਼ਨ ਫਤਹਿ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਮਾਸਕ ਆਦਿ ਚੀਜ਼ਾਂ ਦੀ ਵੀ ਵੰਡ ਕੀਤੀ ਜਾ ਰਹੀ ਹੈ ਤਾਂ ਕਿ ਇਸ ਤਰ੍ਹਾਂ ਦੇ ਇਤਿਆਤਾਂ ਜਰੀਏ ਲੋਕਾਂ ਨੂੰ ਇਸਦੀ ਜਕੜ ਵਿੱਚ ਆਉਣ ਤੋ ਬਚਾਇਆ ਜਾ ਸਕੇ।
ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਫਤਹਿ ਦੇ ਰਾਹ ਤੇ ਤੇਜ਼ੀ ਨਾਲ ਦੜਾਉਣ ਲਈ ਕੋਵਿਡ ਤੋ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਗਾ ਦੇ ਸਾਰੇ 50 ਵਾਰਡਾਂ ਵਿੱਚ ਨਗਰ ਨਿਗਮ ਦੇ ਅਧਿਕਾਰੀ/ਕਰਮਚਾਰੀ, ਬੂਥ ਲੈਵਲ ਅਫ਼ਸਰ, ਸ਼ਹਿਰ ਦੇ ਉੱਘੇ ਸਮਾਜ ਸੇਵੀ ਅਤੇ ਇਲਾਕੇ ਦੇ ਧਾਰਮਿਕ ਸੰਸਥਾਵਾਂ ਦੇ ਮੈਬਰਾਂ ਤੇ ਆਧਾਰਿਤ ਕੋਰ ਗਰੁੱਪ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿੰਨ੍ਹਾਂ ਦੇ ਸਦਕਾ ਇਨ੍ਹਾਂ ਸਾਰੇ ਵਾਰਡਾਂ ਵਿੱਚ ਕੋਵਿਡ ਦੀ ਜਾਗਰੂਕਤਾ ਫੈਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ 50 ਵਾਰਡਾਂ ਲਈ 50 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ 50 ਟੀਮਾਂ ਆਪਣੇ ਆਪਣੇ ਵਾਰਡਾਂ ਵਿੱਚ ਆਪਣੀ ਜਿੰਮੇਵਾਰੀ ਨਾਲ ਕੋਵਿਡ ਪ੍ਰਤੀ ਜਾਗਰੂਕਤਾ ਫੈਲਾਉਣਗੀਆਂ ਅਤੇ ਵਾਰਡ ਵਾਸੀਆਂ ਨੂੰ ਲੋੜੀਦੀ ਸਹਾਇਤਾ ਵੀ ਪ੍ਰਦਾਨ ਕਰਵਾਉਣਗੀਆਂ।
ਸ੍ਰੀਮਤੀ ਦਰਸ਼ੀ ਨੇ ਦੱਸਿਆ ਕਿ ਇਸ ਕੰਮ ਲਈ 2 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਜਿੰਨ੍ਹਾਂ ਨੂੰ 25-25 ਵਾਰਡਾਂ ਦਾ ਚਾਰਜ ਦਿੱਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋ ਆਪਣੇ ਆਪਣੇ ਵਾਰਡਾਂ ਵਿੱਚ ਜਾ ਕੇ ਕੋਵਿਡ 19 ਪ੍ਰਤੀ ਲੋਕਾਂ ਨੂੰ ਵਾਰਡ ਵਿੱਚ ਛੋਟੇ-ਛੋਟੇ ਗਰੁੱਪਾਂ ਨਾਲ ਡਿਸਟੈਸ ਮੀਟਿੰਗਾਂ ਕਰਕੇ ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਣ ਜਾਂ ਐਲਕੋਹਲ ਯੁਕਤ ਹੈਡ ਸੈਨੇਟਾਈਜ਼ਰ ਦੀ ਵਰਤੋ ਕਰਨ, ਹਰੇਕ ਵਿਅਕਤੀ ਤੋ ਦੋ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਖਾਂਸੀ ਕਰਕੇ ਜਾਂ ਛਿੱਕਣ ਵੇਲੇ ਨੱਕ ਅਤੇ ਮੂੰਹ ਨੂੰ ਢੱਕ ਕੇ ਰੱਖਣ ਅਤੇ ਕਿਸੇ ਵੀ ਵਿਅਕਤੀ ਨੂੰ ਗਲੇ ਨਾ ਮਿਲਣ ਹੱਥ ਨਾਲ ਮਿਲਾਉਣ, ਜਨਤਕ ਥਾਵਾਂ ਤੇ ਆਮ ਵਰਤੋ ਵਾਲੀਆਂ ਵਸਤੂਆਂ ਨੂੰ ਛੂਹਣ ਤੋ ਪਰਹੇਜ਼ ਕਰੋ, ਖੁੱਲ੍ਹੇ ਵਿੱਚ ਨਾ ਥੁੱਕੋ, ਇਕਾਂਤਵਾਸ ਸਬੰਧੀ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਸਰਕਾਰ ਦੇ ਬਾਕੀ ਵਿਭਾਗਾਂ ਵਾਂਗ ਪੱਬਾਂ ਭਾਰ ਹੋ ਕੇ ਕਰੋਨਾ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਫੈਲਾਅ ਰਿਹਾ ਹੈ ਤਾਂ ਕਿ ਜਲਦ ਤੋ ਜਲਦ ਕਰੋਨਾ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਰੋਨਾ ਵਿਰੁੱਧ ਛੇੜੀ ਗਈ ਇਹ ਜੰਗ ਉਦੋ ਤੱਕ ਜਾਰੀ ਰਹੇਗੀ ਜਦੋ ਤੱਕ ਇਸਦੇ ਪ੍ਰਭਾਵ ਨੂੰ ਬਿਲਕੁਲ ਵੀ ਖਤਮ ਨਹੀ ਕੀਤਾ ਜਾਂਦਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਲੋੜੀਆਂ ਅਫ਼ਵਾਹਾਂ ਤੋ ਦੂਰ ਰਹਿ ਕੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਇਸ ਵਿੱਚ ਹੀ ਸਾਡੀ, ਸਾਡੇ ਪਰਿਵਾਰ, ਸਾਡੇ ਸ਼ਹਿਰ, ਸਾਡੇ ਪੰਜਾਬ ਦੀ ਭਲਾਈ ਹੈ ਅਤੇ ਅਸੀ ਕਰੋਨਾ ਮਹਾਂਮਾਰੀ ਦੀ ਜਕੜ ਤੋ ਬਚੇ ਰਹਾਂਗੇ।