ਰਾਤ ਨੂੰ ਰੇਤਾ ਨਾਲ ਭਰਿਆ ਟਰੈਕਟਰ ਟਰਾਲਾ ਕੀਤਾ ਪੁਲਿਸ ਹਵਾਲੇ, ਪਰਚਾ ਦਰਜ
ਮੋਗਾ 12 ਸਤੰਬਰ (ਜਗਰਾਜ ਸਿੰਘ ਗਿੱਲ) ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਦਿੱਤੀਆਂ ਅਨੇਕਾਂ ਗਰੰਟੀਆਂ ਜਿਸ ਵਿੱਚ ਰੇਤਾ ਦੀ ਗੈਰਕਾਨੂੰਨੀ ਨਿਕਾਸੀ ਨੂੰ ਰੋਕਣ ਦੀ ਗਾਰੰਟੀ ਵੀ ਸ਼ਾਮਲ ਹੈ ਨੂੰ ਰੋਕਣ ਸਬੰਧੀ ਇਸ ਦੀ ਪਾਲਿਸੀ ਬਣਾ ਕੇ ਲੋੜਵੰਦਾਂ ਨੂੰ ਰਾਹਤ ਦੇਣ ਦੇ ਬਿਆਨ ਅਕਸਰ ਹੀ ਰੋਜ਼ਾਨਾ ਵੇਖਣ ਸੁਣਨ ਨੂੰ ਮਿਲ ਰਹੇ ਹਨ ਪਰੰਤੂ ਇਸ ਦੇ ਦੂਸਰੇ ਪਾਸੇ ਲੋਕਾਂ ਵਿੱਚ ਆਮ ਹੀ ਖੁੰਢ ਚਰਚਾ ਹੈ ਕਿ ਇਹ ਸਿਆਸੀ ਸ਼ਹਿ,ਸਬੰਧਤ ਮਹਿਕਮੇ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪਹਿਲਾਂ ਵਾਂਗ ਹੀ ਹੋ ਰਹੀ ਹੈ ।ਪ੍ਰੰਤੂ ਹੁਣ ਇਸ ਨੂੰ ਰੋਕਣ ਲਈ ਪਿੰਡਾਂ ਦੇ ਲੋਕ ਖ਼ੁਦ ਉੱਠ ਖੜ੍ਹੇ ਹੋਏ ਜ਼ਰੂਰ ਨਜ਼ਰ ਆ ਰਹੇ ਹਨ ਜਿਨ੍ਹਾਂ ਵਿਚ ਧਰਮਕੋਟ ਇਲਾਕੇ ਵਿੱਚ ਪੈਂਦੇ ਪਿੰਡ ਮੰਜ਼ਲੀ ਦੇ ਵਸਨੀਕਾਂ ਨੇ ਜ਼ੁਰਅਤ ਵਿਖਾਉਂਦੇ ਹੋਏ ਰਾਤ ਨੂੰ ਜਾਗਦੇ ਹੋਏ ਇੱਥੋਂ ਹੁੰਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਉਪਰਾਲੇ ਕੀਤੇ ਜਿਸ ਦਾ ਜਲਦੀ ਹੀ ਨਤੀਜਾ ਸਾਹਮਣੇ ਆਇਆ ਜਦੋਂ ਉਨ੍ਹਾਂ ਨੇ ਇੱਕ ਫਾਰਮਟਰੈਕ ਮਾਰਕਾ ਟਰੈਕਟਰ ਸਮੇਤ ਰੇਤਾ ਨਾਲ ਭਰੀ ਟਰਾਲੀ ਕਾਬੂ ਕਰਕੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਇਸ ਸਾਰੇ ਕਾਰਜ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਈ ਜਿਸ ‘ਚ ਪਿੰਡ ਨਿਵਾਸੀ ਇਹ ਕਹਿ ਰਹੇ ਹਨ ਕਿ ਨਿਕਾਸੀ ਮਾਈਨਿੰਗ ਵਿਭਾਗ ਖੁਦ ਕਰਵਾ ਰਿਹਾ ਹੈ ਜਦੋਂ ਕਿ ਸਾਨੂੰ ਆਪਣੀ ਜ਼ਮੀਨ ਵਿੱਚੋਂ ਇੱਕ ਬੱਠਲ ਰੇਤਾ ਵੀ ਪੁੱਟਣ ਦਾ ਹੁਕਮ ਨਹੀਂ ਹੈ ਤੇ ਉਨ੍ਹਾਂ ਜੇਈ ਨੂੰ ਵੀ ਮੌਕੇ ਤੇ ਵਿਖਾਇਆ ਜੋ ਰਾਤ ਨੂੰ ਬਿਨਾਂ ਪੁਲੀਸ ਦੀ ਮਦਦ ਉੱਥੇ ਪਹੁੰਚਿਆ ਹੋਇਆ ਸੀ। ਇਸ ਸਬੰਧੀ ਹਾਜ਼ਰ ਪੁਲੀਸ ਵਿਭਾਗ ਨੂੰ ਜੇ ਈ ਇਹ ਕਹਿ ਰਿਹਾ ਸੁਣਾਈ ਦੇ ਰਿਹਾ ਹੈ ਕਿ ਉਸ ਨੂੰ ਐਸ. ਡੀ. ਓ ਨੇ ਹੀ ਨਾਜਾਇਜ਼ ਮਾਈਨਿੰਗ ਰੋਕਣ ਲਈ ਹੀ ਇੱਥੇ ਭੇਜਿਆ ਹੈ। ਪ੍ਰੰਤੂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਵਾਕਿਆ ਹੀ ਜੇ ਈ ਮਾਈਨਿੰਗ ਰੋਕਣ ਲਈ ਰਾਤ ਨੂੰ ਆਇਆ ਹੈ ਤੇ ਉਸ ਨੇ ਪੁਲੀਸ ਫੋਰਸ ਦੀ ਮਦਦ ਕਿਉਂ ਨਹੀਂ ਲਈ।ਇਸ ਤਰ੍ਹਾਂ ਮਾਮਲਾ ਭਖਦਾ ਵੇਖ ਕੇ ਟਰੈਕਟਰ ਟਰਾਲੀ ਪੁਲੀਸ ਵੱਲੋਂ ਕਬਜ਼ੇ ਵਿੱਚ ਲੈ ਲਈ ਗਈ ਜਿਸ ਦਾ ਚਾਲਕ ਪਹਿਲਾਂ ਹੀ ਮੌਕੇ ਤੋਂ ਫ਼ਰਾਰ ਹੋ ਚੁੱਕਿਆ ਸੀ। ਇਸ ਸੰਬੰਧੀ ਜਦੋਂ ਥਾਣੇਦਾਰ ਗੁਰਪ੍ਰੀਤ ਸਿੰਘ ਨਾਲ ਉਨ੍ਹਾਂ ਦੇ ਫੋਨ ਨੰਬਰ9780002058 ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਧਰਮਕੋਟ ਵਿਖੇ ਮੁਕੱਦਮਾ ਨੰਬਰ210 ਬਣਦੀਆਂ ਧਰਾਵਾਂ ਤਹਿਤ ਦਰਜ ਕਰ ਲਿਆ ਗਿਆ ਹੈ ਤੇ ਰੇਤਾ ਨਾਲ ਭਰਿਆ ਟਰੈਕਟਰ ਟਰਾਲਾ ਥਾਣਾ ਧਰਮਕੋਟ ਵਿਖੇ ਖੜ੍ਹਾ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਵਿੱਚ ਮਾਈਨਿੰਗ ਵਿਭਾਗ ਬੇਕਸੂਰ ਹੈ ਪ੍ਰੰਤੂ ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਉਹ (ਜੇ ਈ) ਬਗੈਰ ਪੁਲਸ ਨੂੰ ਨਾਲ ਲਿਆ ਦੇਰ ਰਾਤ ਨੂੰ ਘਟਨਾ ਸਥਾਨ ਤੇ ਕਿਉਂ ਆਇਆ ਤਾਂ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਇਸ ਨੂੰ ਸਰਾਸਾਰ ਗਲਤ ਕਿਹਾ।ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕਿ ਪੁਲੀਸ ਨੂੰ ਖੁਦ ਉਪਰਾਲਾ ਕਰਕੇ ਪਿੰਡ ਵਾਸੀਆਂ ਨੇ ਬੁਲਾਇਆ ਹੈ, ਮਾਈਨਿੰਗ ਵਿਭਾਗ ਦਾ ਜੇ. ਈ ਰਾਤ ਨੂੰ ਸਰਕਾਰੀ ਜੀਪ ਲੈ ਕੇ ਹਾਜ਼ਰ ਹੈ, ਟਰੈਕਟਰ ਚਾਲਕ ਫਰਾਰ ਹੈ ਤਾਂ ਫਿਰ ਰਾਤ ਨੂੰ ਹੋ ਰਹੀ ਨਾਜਾਇਜ਼ ਮਾਈਨਿੰਗ ਕਿਸ ਦੀ ਸ਼ਹਿ ਅਤੇ ਹੱਲਾਸ਼ੇਰੀ ਨਾਲ ਕਰਵਾਈ ਜਾ ਰਹੀ ਹੈ।ਇਲਾਕੇ ਦੇ ਲੋਕਾਂ ਦੀ ਇਹ ਮੰਗ ਹੈ ਕਿ ਇਸ ਕੇਸ ਦੀ ਤਹਿ ਤੱਕ ਜਾਣ ਲਈ ਪੰਜਾਬ ਸਰਕਾਰ ਖੁਦ ਕੋਈ ਉਪਰਾਲਾ ਕਰੇ ਨਹੀਂ ਤਾਂ ਲੋਕ ਇਸ ਨੂੰ ਮਿਲੀਭੁਗਤ ਦਾ ਨਾਂ ਦੇਣ ਲੱਗ ਜਾਣਗੇ ।