ਮੋਗਾ 20 ਅਕਤੂਬਰ: (ਮਿੰਟੂ ਖੁਰਮੀ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਆਈ.ਐਸ.ਐਫ਼ ਕਾਲਜ ਦੇ ਨੇੜੇ ਖੁੱਲੇ ਮੈਦਾਨ ਵਿੱਚ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਦੂਜੇ ਦਿਨ ਮਿਊਜ਼ੀਅਮ ਦੇ ਨਾਲ-ਨਾਲ ਲਾਈਟ ਐਂਡ ਸਾਊਂਡ ਸ਼ੋਅ ਦਾ ਵੀ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ 3,500 ਤੋਂ ਵਧੇਰੇ ਦਰਸ਼ਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ। ਇਸ ਪੂਰੇ ਆਯੋਜਨ ਦੇ ਦੂਜੇ ਦਿਨ ਦਰਸ਼ਕਾਂ ਵੱਲੋਂ ਪਹਿਲੇ ਦਿਨ ਤੋਂ ਵੀ ਵਧੇਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੂਰਾ ਮੋਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਰੰਗ ਵਿੱਚ ਰੰਗਿਆ ਪ੍ਰਤੀਤ ਹੋਇਆ।
ਅੱਜ ਦਿਖਾਏ ਗਏ ਪਹਿਲੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਐਸ.ਡੀ.ਐਮ ਮੋਗਾ ਨਰਿੰਦਰ ਸਿੰਘ ਧਾਲੀਵਾਲ ਸਮੇਤ ਕਈ ਹੋਰ ਸਖ਼ਸ਼ੀਅਤਾਂ ਨੇ ਸੰਗਤ ਦੇ ਰੂਪ ਵਿੱਚ ਇਸ ਮਿਊਜ਼ੀਅਮ ਅਤੇ ਸ਼ੋਅ ਦਾ ਆਨੰਦ ਮਾਣਿਆ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਥਾਪਤ ਡਿਜੀਟਲ ਮਿਊਜੀਅਮ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ਨੂੰ ਦਰਸਾਉਂਦਾ ਹੈ ਜਿਉਂ ਹੀ ਅੱਜ ਸਵੇਰੇ 6.30 ਵਜੇ ਮਿਊਜ਼ੀਅਮ ਦਰਸ਼ਕਾਂ ਲਈ ਖੋਲ੍ਹਿਆ ਗਿਆ ਤਾਂ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ। ਇਹ ਮਿਊਜ਼ੀਅਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਰਾਜ ਸਰਕਾਰ ਵੱਲੋਂ ਉਲੀਕੇ ਸਮਾਗਮਾਂ ਦਾ ਹਿੱਸਾ ਹੈ।ਦੱਸਣਯੋਗ ਹੈ ਕਿ ਇਹ ਮਿਊਜ਼ੀਅਮ ਮਿਤੀ 21 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਚੱਲੇਗਾ, ਬਾਅਦ ਵਿੱਚ ਸ਼ਾਮ ਨੂੰ ਦੋ-ਦੋ ਲਾਈਟ ਐਂਡ ਸਾਊਂਡ ਸ਼ੋਅ ਵੀ ਦਿਖਾਏ ਜਾਣਗੇ। ਪਹਿਲਾ ਸ਼ੋਅ ਸ਼ਾਮ 7 ਵਜੇ ਤੋਂ 7.45 ਵਜੇ ਤੱਕ ਜਦਕਿ ਦੂਜਾ ਸ਼ੋਅ ਦੇਰ ਸ਼ਾਮ 8.30 ਵਜੇ ਤੋਂ 9.15 ਵਜੇ ਤੱਕ ਹੋਵੇਗਾ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਜੀਵਨ ਨੂੰ ਅਧਿਆਤਮਕਤਾ ਨਾਲ ਜੋੜਨ ਵਾਲਾ ਇਹ ਪ੍ਰਵਾਹ 21 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਡਿਜੀਟਲ ਅਜਾਇਬ ਘਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਵਿਗਿਆਨ, ਕਲਾ, ਤਕਨਾਲੋਜੀ, ਡਿਜ਼ਾਇਨ ਅਤੇ ਚਿੱਤਰਾਂ ਰਾਹੀਂ ਜੋੜ ਕੇ ਵਿਲੱਖਣ ਰੂਪ ’ਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੋਆਂ ਵਿੱਚ ਪ੍ਰਵੇਸ਼ ਬਿਲਕੁਲ ਮੁਫ਼ਤ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਆਯੋਜਨ ਦਾ ਵੱਧ ਤੋਂ ਵੱਧ ਲਾਭ ਲੈਣ।