-ਇਹ ਸਕੀਮ ਨੌਜਵਾਨਾਂ ਦੇ ਡਿਜੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਿਤ ਹੋਵੇਗੀ – ਸੰਦੀਪ ਹੰਸ
ਮੋਗਾ, 18 ਦਸੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬਾਰਵ੍ਹੀ ਜਮਾਤ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਸਬੰਧੀ ਯੋਜਨਾ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦੇ ਦੂਜੇ ਗੇੜ ਦਾ ਅੱਜ ਜ਼ਿਲ੍ਹਾ ਮੋਗਾ ਵਿੱਚ ਵੀ ਆਗਾਜ ਹੋ ਗਿਆ ਹੈ। ਇਸ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਜ਼ਿਲ੍ਹਾ ਮੋਗਾ ਦੇ 9 ਵਿਦਿਆਰਥੀਆਂ ਨੂੰ ਇਨ੍ਹਾਂ ਸਮਾਰਟ ਫੋਨਾਂ ਦੀ ਵੰਡ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਹੰਸ ਨੇ ਦੱਸਿਆ ਕਿ ਇਸ ਯੋਜਨਾ ਦੇ ਦੂਜੇ ਗੇੜ੍ਹ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਅਜੀਤਗੜ੍ਹ ਦੇ ਇੱਕ ਸਕੂਲ ਤੋਂ ਆਨਲਾਈਨ ਆਗਾਜ਼ ਕੀਤਾ ਹੈ। ਜਦਕਿ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੰਤਰੀ ਸਾਹਿਬਾਨ ਵਿਸੇਸ਼ ਤੌਰ ਤੇ ਪਹੁੰਚ ਕੇ ਆਪਣੇ ਹੱਥਾਂ ਨਾਲ ਵਿਦਿਆਰਥੀਆਂ ਨੂੰ ਇਹ ਫੋਨ ਸਪੁਰਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਸਮਾਰਟ ਫੋਨ ਜਰੀਏ ਨੌਜਵਾਨਾਂ ਦਾ ਡਿਜ਼ੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਤ ਹੋਵੇਗੀ।
ਅੱਜ ਜ਼ਿਲ੍ਹਾ ਮੋਗਾ ਦੇ 2860 ਬੱਚਿਆਂ ਨੂੰ ਸਮਾਰਟਫੋਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਲਾ ਦੇ 40 ਬੱਚਿਆਂ ਨੂੰ ਟੈਬਲੈਟ ਦੀ ਵੰਡ ਕੀਤੀ ਗਈ। ਇਸ ਸਕੀਮ ਦੇ ਪਹਿਲੇ ਗੇੜ ਤਹਿਤ ਵੀ ਜ਼ਿਲ੍ਹਾ ਮੋਗਾ ਦੇ 1914 ਵਿਦਿਆਰਥੀ ਲਾਭਪਾਤਰੀ ਬਣੇ ਸਨ। ਜ਼ਿਲ੍ਹਾ ਮੋਗਾ ਦੇ ਕੁੱਲ 6364 ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡੇ ਜਾਣੇ ਹਨ।ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ 12ਵੀ ਜਮਾਤ ਦੇ 1 ਲੱਖ 73 ਹਜ਼ਾਰ 823 ਵਿਦਿਆਰਥੀਆਂ (ਲੜਕੇ-ਲੜਕੀਆਂ) ਨੂੰ ਇਹ ਸਮਾਰਟ ਫੋਨ ਦਿੱਤੇ ਜਾਣੇ ਹਨ। ਇਹ ਸਾਰੇ ਸਮਾਰਟਫੋਨ 31 ਮਾਰਚ, 2021 ਤੱਕ ਵੰਡ ਦਿੱਤੇ ਜਾਣਗੇ। ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਵਿਧਾਇਕ ਸਾਹਿਬਾਨ, ਹੋਰ ਚੁਣੇ ਹੋਏ ਨੁਮਾਇੰਦੇ ਅਤੇ ਅਧਿਕਾਰੀ ਆਪਣੇ ਪੱਧਰ ਤੇ ਵੰਡ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਸਮਾਰਟ ਫੋਨ ਦੇਣ ਦਾ ਉਪਰਾਲਾ ਕੀਤਾ ਹੈ, ਜਿਸ ਲਈ ਸਾਲ 2018-19 ਦੇ ਬਜ਼ਟ ਵਿੱਚ ਹੀ 92 ਕਰੋੜ ਰੁਪਏ ਵਿਸੇਸ਼ ਤੌਰ ਤੇ ਰੱਖੇ ਗਏ ਸਨ। ਸਮਾਰਟ ਫੋਨ ਦੇ ਨਾਲ ਬੱਚੇ ਆਧੁਨਿਕ ਸਿੱਖਿਆ, ਕਿੱਤੇ ਦੀ ਚੋਣ, ਕਿੱਤਾਮੁੱਖੀ ਸਿੱਖਿਆ, ਰੋਜ਼ਗਾਰ ਮੌਕਿਆਂ ਅਤੇ ਹੋਰ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣਗੇ। ਇਹ ਸਮਾਰਟ ਫੋਨ ਪ੍ਰਸਿੱਧ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਵੱਲੋ ਤਿਆਰ ਕੀਤੇ ਗਏ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਮੋਬਾਇਲ ਵਿੱਚ ਸਿੱਖਿਆ ਨਾਲ ਸਬੰਧਤ ਸਾਰੇ ਐਪ, ਐਮ-ਸੇਵਾ, ਕੈਪਟਨ ਕੁਨੈਕਟ ਅਤੇ ਹੋਰ ਫੀਚਰ ਪਹਿਲਾਂ ਹੀ ਇੰਨਸਟਾਲ ਹਨ।ਉਹਨਾਂ ਕਿਹਾ ਕਿ ਇਹ ਸਕੀਮ ਨੌਜਵਾਨਾਂ ਦੇ ਡਿਜੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਿਤ ਹੋਵੇਗੀ।
ਇਸ ਮੌਕੇ ਸਮਾਰਟ ਫੋਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਸ ਯੋਜਨਾ ਨਾਲ ਉਨ੍ਹਾਂ ਨੂੰ ਕੋਵਿਡ 19 ਦੌਰਾਨ ਘਰ ਬੈਠ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਵਿੱਚ ਬਹੁਤ ਸਹਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਇਸ ਤਕਨੀਕ ਦੇ ਯੁੱਗ ਵਿੱਚ ਬਿਨ੍ਹਾਂ ਮੋਬਾਇਲ ਫੋਨ ਅਤੇ ਇੰਟਰਨੈਟ ਸੁਵਿਧਾ ਤੋ ਸਮੇ ਦੇ ਹਾਣੀ ਬਣਨ ਵਿੱਚ ਕਾਫੀ ਮੁਸ਼ਕਿਲਾਂ ਪੇਸ਼ ਆਉਦੀਆਂ ਹਨ।
ਇਸ ਮੌਕੇ ਹੋਰਨਾ ਤੋ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ ਆਦਿ ਹਾਜ਼ਰ ਸਨ।