ਮਨੁੱਖਤਾ ਦੇ ਵਿਕਾਸ ਵਿੱਚ ਬਿਜਲੀ ਦਾ ਬਹੁਤ ਅਹਿਮ ਯੋਗਦਾਨ ਰਿਹਾ – ਐੱਸ ਡੀ ਐੱਮ
ਬੱਧਨੀ ਕਲਾਂ, 27 ਜੁਲਾਈ (ਕੀਤਾ ਬਰਾੜ ਬਾਰੇਵਾਲ) ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਦਾ ਅਗਲਾ ਨਿਸ਼ਾਨਾ ਢਿੱਲੀਆਂ ਤਾਰਾਂ ਨੂੰ ਦਰੁਸਤ ਕਰਨਾ, ਲੋੜ ਮੁਤਾਬਿਕ ਟ੍ਰਾਂਸਫਾਰਮਰ ਸਥਾਪਤ ਕਰਨਾ ਅਤੇ ਵੰਡ ਪ੍ਰਣਾਲੀ ਨੂੰ ਯੋਜਨਾਬੱਧ ਕਰਨਾ ਹੈ ਤਾਂ ਜੋ ਲੋਕਾਂ ਨੂੰ ਸੁਚਾਰੂ ਤਰੀਕੇ ਨਾਲ ਬਿਜਲੀ ਮਿਲ ਸਕੇ। ਉਹ ਸਥਾਨਕ ਗਰੀਨ ਵੈਲੀ ਸਕੂਲ ਵਿਖੇ ਪੀ ਐੱਸ ਪੀ ਸੀ ਐੱਲ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੀ ਸਾਂਝੇਦਾਰੀ ਨਾਲ ” ਉੱਜਵਲ ਭਾਰਤ – ਉੱਜਵਲ ਭਵਿੱਖ ” ਵਿਸ਼ੇ ਉੱਤੇ ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਤਹਿਤ ਕਰਵਾਏ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਹਨਾਂ ਕਿਹਾ ਕਿ ਸਾਡੇ ਸੂਬੇ ਦੀ ਤ੍ਰਾਸਦੀ ਰਹੀ ਹੈ ਕਿ ਪਿਛਲੀ ਕਿਸੇ ਵੀ ਸੂਬਾ ਸਰਕਾਰ ਨੇ ਨਾ ਤਾਂ ਬਿਜਲੀ ਉਤਪਾਦਨ ਵਧਾਉਣ ਵੱਲ ਧਿਆਨ ਦਿੱਤਾ ਨਾ ਹੀ ਇਸ ਦੀ ਵੰਡ ਪ੍ਰਣਾਲੀ ਨੂੰ ਸੁਚਾਰੂ ਤਰੀਕੇ ਨਾਲ ਚਲਾਇਆ। ਜਿਸ ਦੇ ਨਤੀਜੇ ਵਜੋਂ ਅੱਧੀ ਬਿਜਲੀ ਬੇ-ਤਰਤੀਬੀਆਂ ਤਾਰਾਂ ਕਾਰਨ ਖਰਾਬ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਿੰਡ ਮੀਨੀਆਂ ਵਿਖੇ ਜਲਦ ਹੀ 11 ਐੱਮ ਵੀ ਏ ਦਾ ਗਰਿੱਡ ਲੱਗੇਗਾ, ਜਿਸ ਨਾਲ ਤਿੰਨ ਪਿੰਡਾਂ ਨੂੰ ਸਿੱਧੇ ਤੌਰ ਉੱਤੇ ਅਤੇ ਕਰੀਬ ਦਰਜਨ ਪਿੰਡਾਂ ਨੂੰ ਅਸਿੱਧੇ ਤੌਰ ਉੱਤੇ ਲਾਭ ਮਿਲੇਗਾ। ਉਹਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਜਾਵੇ ਅਤੇ ਉਹਨਾਂ ਦਾ ਪਹਿਲ ਦੇ ਆਧਾਰ ਉੱਤੇ ਨਿਪਟਾਰਾ ਕੀਤਾ ਜਾਵੇ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਕੁਝ ਗਰੰਟੀਆਂ ਦਿੱਤੀਆਂ ਸਨ ਜੋ ਕਿ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲੀ ਗਰੰਟੀ ਹਰੇਕ ਵਰਗ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸੀ ਜੋ ਕਿ ਪਹਿਲੀ ਜੁਲਾਈ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪ੍ਰਤੀ ਮਹੀਨਾ 300 ਅਤੇ ਦੋ ਮਹੀਨੇ ਲਈ 600 ਯੂਨਿਟ ਤੱਕ ਦੀ ਖਪਤ ਤੱਕ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਦਾ ਇਹ ਸੂਬੇ ਦੇ ਲੋਕਾਂ ਨੂੰ ਬਹੁਤ ਵੱਡਾ ਤੋਹਫ਼ਾ ਹੈ। ਓਸੇ ਤਰ੍ਹਾਂ ਹੀ ਹੋਰ ਗਰੰਟੀਆਂ ਵੀ ਜਲਦੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਕੁਝ ਸਮਾਂ ਹੋਰ ਦੇਣ। ਇੱਕ ਇੱਕ ਕਰਕੇ ਹਰੇਕ ਗਰੰਟੀ ਪੂਰੀ ਕਰ ਦਿੱਤੀ ਜਾਵੇਗੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸ ਡੀ ਐੱਮ ਰਾਮ ਸਿੰਘ ਨੇ ਕਿਹਾ ਕਿ ਮਨੁੱਖਤਾ ਦੇ ਵਿਕਾਸ ਵਿੱਚ ਬਿਜਲੀ ਦਾ ਬਹੁਤ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਬਿਜਲੀ ਅਤੇ ਪਾਣੀ ਦੀ ਬਹੁਤ ਹੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਬਿਜਲੀ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜੇਕਰ ਬਿਜਲੀ ਦੀ ਦੁਰਵਰਤੋਂ ਕਰਾਂਗੇ ਤਾਂ ਦੇਸ਼ ਦਾ ਵਿਕਾਸ ਰੁਕ ਜਾਵੇਗਾ।
ਇਸ ਮੌਕੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਉਪ ਮੁੱਖ ਇੰਜੀਨੀਅਰ ਸ਼੍ਰੀਮਤੀ ਰੁਚੀ ਸ਼ਰਮਾ ਨੇ ਦੇਸ਼ ਵਿੱਚ ਬਿਜਲੀ ਖੇਤਰ ਵਿੱਚ ਕੀਤੇ ਗਏ ਕੰਮਾਂ ਦਾ ਵੇਰਵਾ ਪੇਸ਼ ਕੀਤਾ। ਇਸ ਮੌਕੇ ਨਾਟਕ ਬਲਿਹਾਰੀ ਕੁਦਰਤ ਵਸਿਆ ਦਾ ਸਫ਼ਲ ਮੰਚਨ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਨੂੰ ਵੱਖ ਵੱਖ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਉਪ ਮੁੱਖ ਇੰਜੀਨੀਅਰ ਕੁਲਵੰਤ ਸਿੰਘ, ਜਸਵੀਰ ਸਿੰਘ ਐਕਸੀਅਨ ਸਬ ਅਰਬਨ ਮੋਗਾ, ਅਮਰਜੀਤ ਸਿੰਘ ਐਕਸੀਅਨ ਸਿਟੀ ਮੋਗਾ, ਮਨਦੀਪ ਸਿੰਘ ਐੱਸ ਡੀ ਓ ਸਬ ਅਰਬਨ ਮੋਗਾ, ਸੁਖਚੈਨ ਸਿੰਘ ਗਿੱਲ ਐੱਸ ਡੀ ਓ ਉੱਤਰੀ ਮੋਗਾ, ਸੁਰਜੀਤ ਸਿੰਘ ਐੱਸ ਡੀ ਓ ਬੱਧਨੀ ਕਲਾਂ, ਭੁਪਿੰਦਰ ਸਿੰਘ ਮੋਗਾ, ਭੁਪਿੰਦਰ ਸਿੰਘ ਨੱਥੂਵਾਲਾ, ਪ੍ਰਦੀਪ ਕੁਮਾਰ ਉੱਪ ਮੰਡਲ ਬੱਧਨੀ ਕਲਾਂ, ਸੇਵਕ ਸਿੰਘ ਜੇ ਈ, ਬਲਵੀਰ ਸਿੰਘ ਜੇ ਈ, ਗੁਰਪ੍ਰੀਤ ਸਿੰਘ ਜੇ ਈ, ਹਰਜੀਤ ਸਿੰਘ ਜੇ ਈ, ਪੂਜਾ ਸ਼ਰਮਾ ਬੱਧਨੀ ਕਲਾਂ, ਸਮੂਹ ਸਟਾਫ਼ ਬੱਧਨੀ ਕਲਾਂ ਅਤੇ ਵੱਡੀ ਗਿਣਤੀ ਵਿਚ ਆਮ ਖਪਤਕਾਰ ਹਾਜ਼ਰ ਸਨ।