ਮਸ਼ਹੂਰ ਅਦਾਕਾਰ ਤਾਨੀਆ ਦੇ ਪਿਤਾ ਦੀ ਸਿਹਤ ਪਹਿਲਾਂ ਤੋਂ ਕੁੱਝ ਬਿਹਤਰ, ਰਿਕਵਰੀ ਨੂੰ ਸਮਾਂ ਲੱਗੇਗਾ- ਡਾ.ਗਗਨਦੀਪ ਸਿੰਘ
ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਡੀ.ਐਮ.ਸੀ ਦੇ ਮਾਹਿਰ ਡਾਕਟਰ ਮੋਗਾ ਮੈਡੀਸਿਟੀ ਵਿਖੇ ਅਨਿਲ ਕੰਬੋਜ਼ ਦੇ ਇਲਾਜ਼ ਲਈ ਕਰ ਰਹੇ ਹਨ ਦੌਰਾ
ਮੋਗਾ, 13 ਜੁਲਾਈ ਜਗਰਾਜ ਸਿੰਘ ਗਿੱਲ
ਡਾ. ਅਨਿਲ ਕੰਬੋਜ਼ ਦੇ ਗੋਲੀਆ ਲੱਗਣ ਕਾਰਣ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਚਲ ਰਹੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਡੀ.ਐਮ.ਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ। ਇਹ ਜਾਣਕਾਰੀ ਡੀ.ਐਮ.ਸੀ ਦੇ ਪ੍ਰੋਫੈਸਰ ਤੇ ਨਿਉਰੋਲੋਜੀ ਵਿਭਾਗ ਦੇ ਮੁਖੀ ਡਾ. ਗਗਨਦੀਪ ਸਿੰਘ ਨੇ ਡਾ. ਅਨਿਲ ਕੰਬੋਜ਼ ਦੀ ਸਿਹਤ ਜਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ।
ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਅਦਾਕਾਰ ਤਾਨੀਆ ਦੇ ਪਿਤਾ ਦੀ ਸਿਹਤ ਪਹਿਲਾਂ ਨਾਲੋਂ ਕੁੱਝ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਪੇਟ ਦੀ ਗੰਭੀਰ ਸੱਟਾਂ ਤੋਂ ਜਿਥੇ ਥੋੜ੍ਹੀ ਰਾਹਤ ਕਹਿ ਸਕਦੇ ਹਾਂ, ਉਥੇ ਰਿਕਵਰੀ ਨੂੰ ਕਾਫ਼ੀ ਸਮਾਂ ਲੱਗ ਸਕਦਾ ਹੈ। ਉਨ੍ਹਾਂ ਦੱਸਿਆ ਵੈਟੀਲੇਟਰ ਤੋਂ ਬਾਹਰ ਆਉਣ ਤੱਕ ਸਥਿਤੀ ਨੂੰ ਗੰਭੀਰ ਲੈਣ ਦੀ ਲੋੜ ਹੈ ਜਿਸਦੇ ਲਈ ਮਾਹਿਰ ਡਾਕਟਰੀ ਟੀਮਾਂ ਪੂਰੀ ਮਿਹਨਤ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਲਗਾਤਾਰ ਡੀ ਐਮ ਸੀ ਦੀਆਂ ਡਾਕਟਰੀ ਟੀਮਾਂ ਤੋਂ ਫੀਡਬੈਕ ਲੈ ਰਹੇ ਹਨ, ਤਾਂ ਜੋ ਡਾ਼. ਅਨਿਲ ਕੰਬੋਜ਼ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।