ਡੀ ਐਮ ਰੰਧਾਵਾ ਖੁਦਕੁਸ਼ੀ ਮਾਮਲੇ ਨੇ ਆਪ ਸਰਕਾਰ ਦੀ ਮਾਨਸਿਕਤਾ ਨੂੰ ਬੇ-ਪਰਦ ਕੀਤਾ- ਅਕਾਲੀ ਆਗੂ 

 

ਮੋਗਾ, 25 ਮਾਰਚ (ਜਗਰਾਜ ਸਿੰਘ ਗਿੱਲ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਉੱਚ ਵਿੱਦਿਆ ਪ੍ਰਾਪਤ ਅਤੇ ਕਲਾਸ ਵਨ ਅਫਸਰ, ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਨੇ ਪੰਜਾਬ ਦੀ ਮੌਜੂਦਾ ਆਪ ਸਰਕਾਰ ਦੀ ਮਾਨਸਿਕਤਾ ਨੂੰ ਬੇ-ਪਰਦ ਕਰਦਿਆਂ ਸਰਕਾਰ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਪਾਪਾਂ ਦੇ ਬੋਝ ਥੱਲ੍ਹੇ ਦੱਬੀ ਦਿੱਲੀ ਦੇ ਰਿਮੋਟ ਨਾਲ ਚੱਲਣ ਵਾਲੀ ਪੰਜਾਬ ਦੀ ਅਖੋਤੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬੋਰੀਆ-ਬਿਸਤਰਾ ਪੰਜਾਬ ਵਾਸੀ ਗੋਲ਼ ਕਰਨ ਲਈ ਉਤਾਵਲੇ ਹਨ ਅਤੇ ਡੀ ਐਮ ਰੰਧਾਵਾ ਦੀ ਮੌਤ ਮੌਜੂਦਾ ਸਰਕਾਰ ਦੇ ਕਫ਼ਨ ‘ਚ ਕਿੱਲ ਸਾਬਤ ਹੋਵੇਗੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵੈਸਟ ਦੇ ਸੀਨੀਅਰ ਆਗੂਆਂ ਪਵਨ ਗਰੋਵਰ ਅਜੀਤਵਾਲ, ਕੁਲਦੀਪ ਸਿੰਘ ਦੌਲਤਪੁਰਾ ਅਤੇ ਜਗਜੀਤ ਸਿੰਘ ਜੱਗਾ ਮੋਗਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਆਗੂਆਂ ਨੇ ਪੰਜਾਬ ਦੇ ਇੱਕ ਸੀਨੀਅਰ ਅਫ਼ਸਰ ਵੱਲੋਂ ਕੀਤੀ ਖੁਦਕੁਸ਼ੀ ਨੂੰ ਭਗਵੰਤ ਮਾਨ ਸਰਕਾਰ ਦੇ ਮੱਥੇ ਤੇ ਕਲੰਕ ਦੱਸਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਕੇਜਰੀਵਾਲ ਦੀ ਦਿੱਲੀ ਟੀਮ ਜਿੱਥੇ ਪੰਜਾਬ ਦੇ ਖਜ਼ਾਨੇ ਦੀ ਕਥਿਤ ਦੁਰਵਰਤੋਂ ਪੰਜਾਬ ਦੇ ਚੁਣੇ ਨੁਮਾਇੰਦਿਆਂ ਤੋਂ ਕਰਵਾਕੇ ਆਪਣੀਆਂ ਤਿਜੋਰੀਆਂ ਭਰਵਾ ਰਹੀ ਹੈ ਉੱਥੇ ਹੁਣ ਉਹ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਪੰਜਾਬ ਦੇ ਅਧਿਕਾਰੀਆਂ ਨੂੰ ਕਥਿਤ ਬਲੈਕਮੇਲ ਕਰਵਾਕੇ, ਉਨ੍ਹਾਂ ਨੂੰ ਢਾਲ ਬਣਾਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਅਤੇ ਅਧਿਕਾਰੀਆਂ ਨੂੰ ਕਥਿਤ ਕੁੱਟਿਆ ਜਾ ਰਿਹਾ ਹੈ। ਆਗੂਆਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਦੀਆਂ ਦੂਸਰੀਆਂ ਵਿਰੋਧੀ ਪਾਰਟੀਆਂ ਦਾ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੀਤੇ ਸੰਘਰਸ਼ ਲਈ ਧੰਨਵਾਦ ਕੀਤਾ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫ਼ੇ ਦੀ ਮੰਗ ਕੀਤੀ। ਬਾਘਾਪੁਰਾਣਾ ਦੇ ਐਸ ਡੀ ਐਮ ਵੱਲੋਂ ਵੀ ਸਰਕਾਰੀ ਜਬਰ ਵਿਰੁੱਧ ਉਠਾਈ ਅਵਾਜ਼ ਲੋਕ ਲਹਿਰ ਬਣਕੇ ਸਰਕਾਰ ਦਾ ਤਖਤਾ ਪਲਟਣ ਲਈ ਰਾਹ ਤਿਆਰ ਕਰ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਮੰਤਰੀ ਲਾਲਜੀਤ ਭੁੱਲਰ, ਉਸਦੇ ਪਰਿਵਾਰ ਅਤੇ ਮੌਤ ਦੇ ਜਿੰਮੇਵਾਰ ਹੋਰਨਾਂ ਵਿਅਕਤੀਆਂ ਖ਼ਿਲਾਫ਼ ਸੀ ਬੀ ਆਈ ਜਾਂਚ ਕਰਵਾਕੇ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਤਾਂ ਜੋ ਡੀ ਐਮ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ।

Leave a Reply

Your email address will not be published. Required fields are marked *