ਨਿਹਾਲ ਸਿੰਘ ਵਾਲਾ 15 ਜਨਵਰੀ (ਖੁਰਮੀ ਹਿੰਮਤਪੁਰਾ,ਕੁਲਦੀਪ ਨਿਹਾਲ ਸਿੰਘ ਵਾਲਾ)ਡੈਮੋਕਰੈਟਿਕ ਟੀਚਰਜ਼ ਫਰੰਟ ਨਿਹਾਲ ਸਿੰੰਘ ਵਾਲ਼ਾ ਦੇ ਪ੍ਰਧਾਨ ਅਮਨਦੀਪ ਮਾਛੀਕੇ ਅਤੇ ਸਕੱਤਰ ਹੀਰਾ ਸਿੰਘ ਢਿੱਲੋਂ ਨੇ ਐਸ ਐਸ ਏ ਰਮਸਾ ਨਾਲ਼ ਸਬੰਧਿਤ 21 ਅਧਿਆਪਕਾਂ ਦੇ ਬੋਰਡ ਪ੍ਰੀਖਿਆਵਾਂ ਵਿੱਚ ਪੇਪਰ ਮਾਰਕਿੰਗ ਵਿੱਚ ਅਣਗਹਿਲੀ ਵਰਤਣ ਦਾ ਬੇਬੁਨਿਆਦ ਦੋਸ਼ ਲਾ ਕੇ ਸਜ਼ਾ ਵਜੋਂ ਉਹਨਾਂ ਦੇ ਪਰਖ – ਕਾਲ ਵਿੱਚ 6 ਮਹੀਨੇ ਦਾ ਵਾਧਾ ਕਰਕੇ ਸਿੱਖਿਆ ਵਿਭਾਗ ਦਾ ਨਾਦਰਸ਼ਾਹੀ ਕਾਲ਼ਾ ਹੁਕਮ ਕਰਾਰ ਦਿੱਤਾ ਹੈ । ਉਹਨਾਂ ਕਿਹਾ ਕਿ ਇਹ ਅਧਿਆਪਕ ਵਿਰੋਧੀ ਫੈਸਲਾ ਸਿੱਖਿਆ ਸਕੱਤਰ ਪੰਜਾਬ ਵੱਲੋਂ ਨਿੱਜੀ ਕਿੜ੍ਹ ਕੱਢਦਿਆ ਪਿਛਲੇ ਸਮੇਂ ਵਿੱਚ 75% ਤਨਖਾਹ ਕਟੌਤੀ ਖਿਲਾਫ਼ ਲੜੇ ਗਏ ਸ਼ਾਨਾਂ ਮੱਤੇ ਸੰਘਰਸ਼ ਕਰਕੇ ਸਬਕ ਸਿਖਾਉਣ ਵਜੋਂ ਲਿਆ ਗਿਆ ਹੈ ਜਿਸਨੂੰ ਸਮੁੱਚਾ ਅਧਿਆਪਕ ਵਰਗ ਬਰਦਾਸ਼ਤ ਨਹੀਂ ਕਰੇਗਾ ਆਗੂਆਂ ਨੇ ਕਿਹਾ ਕਿ ਐਸ ਐਸ ਏ ਰਮਸਾ ਅਧਿਆਪਕਾਂ ਨੂੰ ਪਿਛਲੇ ਇਕ ਦਹਾਕੇ ਤੋਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰੈਗੂਲਰ ਨਾ ਕਰਦਿਆਂ ਉੱਪਰ ਭਾਰੀ ਤਨਖਾਹ ਕਟੌਤੀ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਪਹਿਲਾਂ ਹੀ ਅਧਿਆਪਕਾਂ ਨਾਲ਼ ਧਰੋਹ ਕਮਾ ਚੁੱਕੀ ਹੈ ।ਉਹਨਾਂ ਮੰਗ ਕੀਤੀ ਕਿ ਉਕਤ 21 ਅਧਿਆਪਕਾਂ ਦੇ ਪਰਖ ਕਾਲ਼ ਵਿੱਚ ਕੀਤਾ 6 ਮਹੀਨੇ ਦਾ ਤਰਕਹੀਣ ਵਾਧਾ ਤੁਰੰਤ ਵਾਪਿਸ ਲਿਆ ਜਾਵੇ ।
ਇਕ ਵੱਖਰੇ ਪ੍ਰੈਸ ਬਿਆਨ ਰਾਹੀਂ ਡੀਟੀਐਫ ਨਿਹਾਲ ਸਿੰਘ ਵਾਲ਼ਾ ਦੇ ਆਗੂਆਂ ਨੇ ਪੰਜਾਬ ਕੈਬਨਿਟ ਦੁਆਰਾ 3186 ਅਧਿਆਪਕਾਂ / ਕਰਮਚਾਰੀਆਂ ਦੀ ਭਰਤੀ ਦੀ ਮਨਜ਼ੂਰੀ ਨੂੰ ਬੇਹੱਦ ਨਿਗੂਣਾ ਅਤੇ ਬੇਰੋਜ਼ਗਾਰ ਅਧਿਆਪਕਾਂ ਨਾਲ਼ ਕੋਝਾ ਮਜ਼ਾਕ ਕਰਾਰ ਦਿੱਤਾ ਹੈ ।ਉਹਨਾਂ ਕਿਹਾ ਕਿ ਪੰਜਾਬ ਅੰਦਰ ਪਹਿਲਾਂ ਹੀ 45000 ਦੇ ਕਰੀਬ ਟੈੱਟ ਪਾਸ ਬੇਰੋਜ਼ਗਾਰ ਹਨ ਅਤੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਭਰਤੀ ਲਈ ਲਗਾਤਾਰ ਪਿਛਲੇ 6 ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਅਤੇ ਦੂਸਰੇ ਪਾਸੇ ਪੰਜਾਬ ਦੇ ਸਕੂਲਾਂ ਅੰਦਰ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਰੈਗੂਲਰ ਭਰਤੀ ਕਰਕੇ ਭਰਨ ਦੀ ਥਾਂ ਰੈਸ਼ਨੇਲਾਈਜੇਸ਼ਨ ਦਾ ਕੁਹਾੜਾ ਵਾਹ ਕੇ ਖਤਮ ਕੀਤਾ ਜਾ ਰਿਹਾ ਹੈ ।ਉਹਨਾਂ ਪੰਜਾਬ ਸਰਕਾਰ ਪਾਸੋਂ ਵਿਆਪਕ ਪੱਧਰ ਤੇ ਭਰਤੀ ਕਰਕੇ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਦੀ ਮੰਗ ਕੀਤੀ ।
ਇਸ ਸਮੇਂ ਡੀਟੀਐਫ ਨਿਹਾਲ ਸਿੰਘ ਵਾਲ਼ਾ ਦੇ ਬਲਾਕ ਕਮੇਟੀ ਮੈਂਬਰ ਹਰਜੀਵਨ ਸਿੰਘ, ਕਰਮਜੀਤ ਬੁਰਜ ਹਮੀਰਾ , ਕੁਲਵਿੰਦਰ ਚੁੱਘੇ ਅਤੇ ਐਸ ਐਸ ਏ ਰਮਸਾ ਜ਼ਿਲ੍ਹਾ ਮੋਗਾ ਦੇ ਸਕੱਤਰ ਸੁਖਮੰਦਰ ਨਿਹਾਲ ਸਿੰਘ ਵਾਲ਼ਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ।