ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ – ਕੁਲਵੰਤ ਸਿੰਘ
ਮੋਗਾ, 17 ਅਪ੍ਰੈਲ (ਜਗਰਾਜ ਸਿੰਘ ਗਿੱਲ) ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸੋਸ਼ਲ ਮੀਡੀਆ ਵੈੱਬ ਚੈਨਲਾਂ ਨੂੰ ਬੇਬੁਨਿਆਦ ਅਫਵਾਹਾਂ ਨੂੰ ਖਬਰਾਂ ਦੇ ਰੂਪ ਵਿੱਚ ਫੈਲਾਉਣ ਤੋਂ ਵਰਜਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਕੁਝ ਸੋਸ਼ਲ ਮੀਡੀਆ ਵੈੱਬ ਚੈਨਲ ਬੇਬੁਨਿਆਦ ਅਫਵਾਹਾਂ ਨੂੰ ਖਬਰਾਂ ਦੇ ਰੂਪ ਵਿੱਚ ਫੈਲਾ ਰਹੇ ਹਨ ਅਤੇ ਲਗਾਤਾਰ ਫਰਜ਼ੀ ਖਬਰਾਂ ਦਾ ਸਮਰਥਨ ਵੀ ਕਰ ਰਹੇ ਹਨ। ਇਹ ਝੂਠੀਆਂ ਖ਼ਬਰਾਂ ਜ਼ਿਆਦਾਤਰ ਸਪੱਸ਼ਟ ਤੱਥਾਂ ਅਤੇ ਮੁੱਦੇ ਦੀ ਅਸਲ ਤਸਵੀਰ ਨੂੰ ਸਾਹਮਣੇ ਨਹੀਂ ਰੱਖਦੀਆਂ, ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੀਤੇ ਗਏ ਚੰਗੇ ਵਿਕਾਸ ਕਾਰਜਾਂ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਅਜਿਹੀਆਂ ਜਾਅਲੀ ਖ਼ਬਰਾਂ ਨੂੰ ਸਮੇਂ ਸਿਰ ਨੱਥ ਪਾਉਣ ਲਈ ਸਖ਼ਤ ਅਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਅਜਿਹੀਆਂ ਫਰਜ਼ੀ ਖ਼ਬਰਾਂ ਵਿਰੁੱਧ ਨਿਯਮਤ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀਆਂ ਸੂਚਨਾਵਾਂ, ਨਿੱਜੀ ਹਿੱਤਾਂ ਵਾਲੀਆਂ ਸੰਸਥਾਵਾਂ ਨੂੰ ਰਾਜ ਸਰਕਾਰ ਦੇ ਚੱਲ ਰਹੇ ਵਿਕਾਸ ਦੇ ਏਜੰਡੇ ਵਿੱਚ ਵਿਘਨ ਪਾਉਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਮੁੱਖ ਧਾਰਾ ਦੇ ਅਖਬਾਰਾਂ, ਚੈਨਲਾਂ ਅਤੇ ਹੋਰ ਮੀਡੀਆ ਮਾਧਿਅਮਾਂ ਨਾਲ ਜੁੜੇ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਬੁਨਿਆਦ ਅਫਵਾਹਾਂ ਫੈਲਾਉਣ ਵਾਲੇ ਅਜਿਹੇ ਸੋਸ਼ਲ ਮੀਡੀਆ ਵੈੱਬ ਚੈਨਲਾਂ ਨੂੰ ਨੱਥ ਪਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।