ਮੋਗਾ, 15 ਮਾਰਚ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਮੋਗਾ ਵਿੱਚ ਕੰਮ ਕਰ ਰਹੀਆਂ ਸਾਰੀਆਂ ਰਾਸ਼ਟਰੀ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫਰੰਟ ਲਾਈਨ ਵਰਕਰ ਵਜੋਂ ਟੀਕਾਕਰਨ ਕਰਾਉਣ ਦਾ ਐਲਾਨ ਕੀਤਾ ਹੈ। ਸ਼੍ਰੀ ਹੰਸ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਹੀਨਾਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਸਨ।
ਸਿਹਤ ਵਿਭਾਗ ਨੂੰ ਇਸ ਸਬੰਧੀ ਬਣਦੀ ਕਾਰਵਾਈ ਹੁਣੇ ਤੋਂ ਹੀ ਸ਼ੁਰੂ ਕਰਨ ਦੀ ਹਦਾਇਤ ਕਰਦਿਆਂ ਸ਼੍ਰੀ ਹੰਸ ਨੇ ਕਿਹਾ ਕਿ ਕਰੋਨਾ ਸਮੇਂ ਦੌਰਾਨ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਮੂਹਰੇ ਹੋ ਕੇ ਲੜ੍ਹਾਈ ਲੜੀ ਹੈ, ਜਿਸ ਕਰਕੇ ਇਹਨਾਂ ਦਾ ਵੀ ਫਰੰਟ ਲਾਈਨ ਵਰਕਰ ਵਜੋਂ ਟੀਕਾਕਰਨ ਕਰਵਾਇਆ ਜਾਵੇਗਾ। ਉਹਨਾਂ ਸਿਹਤ ਵਿਭਾਗ ਨੂੰ ਇਹ ਵੀ ਕਿਹਾ ਕਿ 100 ਫੀਸਦੀ ਜਣੇਪੇ ਸਿਹਤ ਸੰਸਥਾਵਾਂ ਵਿੱਚ ਹੀ ਕਰਵਾਏ ਜਾਣ ਤਾਂ ਜੌ ਜਣੇਪੇ ਦੌਰਾਨ ਜੱਚਾ ਬੱਚਾ ਮੌਤ ਦਰ ਵਿੱਚ ਕਮੀ ਲਿਆਂਦੀ ਜਾ ਸਕੇ।
ਉਹਨਾਂ ਜ਼ਿਲ੍ਹਾ ਮੋਗਾ ਵਿੱਚ ਕੰਮ ਕਰਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਅਤੇ ਆਪਣੇ ਸਟਾਫ ਦਾ ਕਰੋਨਾ ਟੈਸਟ ਕਰਾਉਣਾ ਯਕੀਨੀ ਬਣਾਉਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿਸ਼ਵ ਮਹਾਂਮਾਰੀ ਤੋਂ ਬਚਾਇਆ ਜਾ ਸਕੇ।
ਸ਼੍ਰੀ ਹੰਸ ਨੇ ਕਿਹਾ ਕਿ ਇਹ ਗੱਲ ਬੜੀ ਚਿੰਤਾ ਵਾਲੀ ਹੈ ਕਿ ਹੁਣ ਫਿਰ ਕਰੋਨਾ ਦੇ ਪਾਜੀਟਿਵ ਕੇਸਾਂ ਵਿੱਚ ਹਰ ਰੋਜ਼ ਤੇਜ਼ੀ ਆ ਰਹੀ ਹੈ ਜਿਸ ਲਈ ਇਸ ਮਹਾਂਮਾਰੀ ਤੋਂ ਖੁਦ ਬਚਣ ਅਤੇ ਲੋਕਾਂ ਨੂੰ ਬਚਾਉਣ ਲਈ ਟੈਸਟਿੰਗ ਕਰਾਉਣੀ ਲਾਜ਼ਮੀ ਹੈ। ਉਹਨਾਂ ਸਕੂਲ ਅਧਿਆਪਕਾਂ, ਆਂਗਣਵਾੜੀ ਸਟਾਫ, ਬੈਂਕ ਮੁਲਾਜ਼ਮਾਂ ਅਤੇ ਮੈਦਾਨੀ ਪੱਧਰ ਉੱਤੇ ਕੰਮ ਕਰਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸਰਕਾਰੀ ਤੰਤਰ ਨੂੰ ਟੈਸਟਿੰਗ ਕਰਨ ਤੋਂ ਮਨਾਹੀ ਨਾ ਕਰਨ।
ਇਸ ਤੋਂ ਪਹਿਲਾਂ ਮਾਲ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸ਼੍ਰੀ ਹੰਸ ਨੇ ਕਿਹਾ ਕਿ ਉਹਨਾਂ ਮਾਲ ਅਧਿਕਾਰੀਆਂ ਅਤੇ ਪਟਵਾਰੀਆਂ ਦੀ ਜਵਾਬ ਤਲਬੀ ਕੀਤੀ ਜਾਵੇ ਜਿਹਨਾਂ ਨੇ ਲੰਮੇ ਸਮੇਂ ਤੋਂ ਇੰਤਕਾਲ ਅਤੇ ਰਿਕਵਰੀਆਂ ਦੇ ਕੰਮ ਨੂੰ ਲਟਕਾਇਆ ਹੋਇਆ ਹੈ। ਉਹਨਾਂ ਕਿਹਾ ਕਿ ਰਿਕਵਰੀਆਂ ਨੂੰ ਤੇਜ਼ ਕੀਤਾ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਰਿਕਵਰੀਆਂ ਵਿੱਚ ਕਾਫੀ ਕਮੀ ਆਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਕਰਜਾ ਨਹੀਂ ਵਾਪਿਸ ਕਰ ਰਿਹਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਇੰਪੈਕਸ਼ਨ ਕੰਮ ਵੀ ਜਲਦ ਮੁਕੰਮਲ ਕਰਨ ਬਾਰੇ ਹਦਾਇਤ ਕੀਤੀ ਗਈ। ਸ਼੍ਰੀ ਹੰਸ ਨੇ ਉਪ ਮੰਡਲ ਮੈਜਿਸਟਰੇਟਾਂ ਨੂੰ ਅਦਾਲਤੀ ਕੰਮ ਕਰਨ ਬਾਰੇ ਕਿਹਾ ਕਿ ਕਰੋਨਾ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਜਰੂਰ ਕੀਤੀ ਜਾਵੇ।
ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਵਿਕਾਸ ਕਾਰਜ ਹਰ ਹੀਲੇ ਜਾਰੀ ਰੱਖੇ ਜਾਣ। ਵੱਧ ਤੋਂ ਵੱਧ ਵਿਕਾਸ ਕਾਰਜ ਮਗਨਰੇਗਾ ਯੋਜਨਾ ਤਹਿਤ ਕਰਵਾਉਣ ਨੂੰ ਪਹਿਲ ਦਿੱਤੀ ਜਾਵੇ। ਦਫ਼ਤਰੀ ਕੰਮ ਵਿੱਚ ਕਿਸੇ ਵੀ ਤਰ੍ਹਾਂ ਦਾ ਬੈਕਲਾਗ ਨਾ ਰਹਿਣ ਦਿੱਤਾ ਜਾਵੇ। ਉਹਨਾਂ ਉਪ ਮੰਡਲ ਮੈਜਿਸਟਰੇਟਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਮਹੀਨਾਵਾਰ ਮੀਟਿੰਗਾਂ ਤੋਂ ਪਹਿਲਾਂ ਆਪਣੇ ਪੱਧਰ ਉਤੇ ਹੇਠਲੇ ਅਧਿਕਾਰੀਆਂ ਨਾਲ ਮੀਟਿੰਗ ਕਰ ਲਿਆ ਕਰਨ ਤਾਂ ਜੋ ਉਹਨਾਂ (ਡਿਪਟੀ ਕਮਿਸ਼ਨਰ) ਦੀ ਅਗਵਾਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਕਿਸੇ ਵੀ ਕੰਮ ਬਾਰੇ ਦੁਬਿਧਾ ਨਾ ਰਹੇ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਨਸ਼ਾ ਮੁਕਤ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਸਫਲ ਕਰਨ ਲਈ ਹਰ ਵਿਅਕਤੀ ਦੇ ਸਹਿਯੋਗ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਪਲਾਸਟਿਕ ਦੀ ਵਰਤੋਂ ਨੂੰ ਘਟਾਇਆ ਜਾਵੇ। ਉਲੰਘਣਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ।
ਆਬਕਾਰੀ ਵਿਭਾਗ ਦੇ ਕੰਮਾਂ ਦੀ ਸਮੀਖਿਆ ਕਰਦਿਆਂ ਸ਼੍ਰੀ ਹੰਸ ਨੇ ਪਿਛਲੇ ਸਮੇਂ ਦੌਰਾਨ ਸ਼ਰਾਬ ਤੋਂ ਆਉਣ ਵਾਲੇ ਮਾਲੀਏ ਵਿੱਚ ਕਮੀ ਆਉਣ ਉੱਤੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਵਿਭਾਗੀ ਅਧਿਕਾਰੀਆਂ ਤੋਂ ਲਿਖਤੀ ਰਿਪੋਰਟ ਮੰਗੀ।
ਸ਼੍ਰੀ ਹੰਸ ਨੇ ਸਮੂਹ ਵਿਕਾਸ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੁਭਾਸ਼ ਚੰਦਰ, ਉਪ ਮੰਡਲ ਮੈਜਿਸਟਰੇਟ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।