• Thu. Jun 5th, 2025

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਜ਼ਿਲ੍ਹੇ ਦੇ ਹੋਣਹਾਰ ਵਿਦਿਆਰਥੀਆਂ ਨਾਲ ਬਿਤਾਇਆ ਦਿਨ, ਪ੍ਰਸ਼ਾਸਕੀ ਕੰਮਕਾਜ ਤੋਂ ਕਰਵਾਇਆ ਜਾਣੂ

ByJagraj Gill

Jun 3, 2025

ਇਕ ਦਿਨ ਡੀ.ਸੀ., ਐਸ.ਐਸ.ਪੀ. ਦੇ ਸੰਗ

ਦਫ਼ਤਰੀ ਫਾਇਲਾਂ ਤੇ ਕੋਰਟ ਕੇਸਾਂ ਦਾ ਨਿਪਟਾਰਾ, ਲੋਕਾਂ ਨੂੰ ਮਿਲਣ, ਅਧਿਕਾਰੀਆਂ ਨਾਲ ਬੈਠਕਾਂ ਕਰਨ ਸਮੇਤ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨਾਲ ਦੁਪਿਹਰ ਦਾ ਖਾਧਾ ਖਾਣਾ

*ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਮੋਗਾ 3 ਜੂਨ ਜਗਰਾਜ ਸਿੰਘ ਗਿੱਲ , ਗੁਰਪ੍ਰਸਾਦ ਸਿੰਘ ਸਿੱਧੂ 

 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਇੱਕ ਦਿਨ, ਡੀ.ਸੀ./ਐਸ.ਐਸ.ਪੀ. ਦੇ ਸੰਗ” ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੇ ਅੱਜ ਉੱਚ ਅਧਿਕਾਰੀਆਂ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਤੇ ਐਸ.ਐਸ.ਪੀ. ਸ੍ਰੀ ਅਜੇ ਗਾਂਧੀ ਨਾਲ ਇੱਕ ਦਿਨ ਬਿਤਾਇਆ ਜਿਸ ਨਾਲ ਉਹ ਆਪਣੇ ਭਵਿੱਖ ਲਈ ਸੰਜੋਏ ਸੁਪਨਿਆਂ ਨੂੰ ਸਹੀ ਦਿਸ਼ਾ ਦੇਣ ਲਈ ਪ੍ਰੇਰਿਤ ਹੋਏ।

 

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ, ਅਨੁਸ਼ਾਸਨ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਅਨੁਭਵ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀਆਂ ਪ੍ਰਖਿਆਵਾਂ ਦੀ ਤਿਆਰੀ ਤੋਂ ਇਲਾਵਾ ਆਪਣੇ ਡਿਪਟੀ ਕਮਿਸ਼ਨਰ ਬਣਨ ਤੱਕ ਦੇ ਸਫਰ ਅਤੇ ਤਜ਼ੁਰਬੇ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉੱਚ ਅਹੁਦਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ, ਦ੍ਰਿੜ ਇਰਾਦੇ ਦੇ ਨਾਲ ਉੱਚ ਅਹੁਦਿਆਂ ‘ਤੇ ਬੈਠ ਕੇ ਸੁਚੱਜੇ ਢੰਗ ਨਾਲ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣਾ ਹਰ ਇੱਕ ਅਧਿਕਾਰੀ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ, ਜਿਸਨੂੰ ਬਾਖੂਬੀ ਸਮਝਣ ਦੀ ਲੋੜ ਹੈ। ਵਿਦਿਆਰਥੀਆਂ ਅਤੇ ਡਿਪਟੀ ਕਮਿਸ਼ਨਰ ਵਿਚਕਾਰ ਇਕ ਖੁੱਲ੍ਹਾ ਸੰਵਾਦ ਸੈਸ਼ਨ ਹੋਇਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਡਿਪਟੀ ਕਮਿਸ਼ਨਰ ਤੋਂ ਪ੍ਰੇਰਨਾਦਾਇਕ ਵਿਚਾਰ ਸੁਣੇ।

ਐਸ.ਐਸ.ਪੀ. ਸ੍ਰੀ ਅਜੇ ਗਾਂਧੀ ਨੇ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆ ਦੀ ਤਿਆਰੀ, ਆਪਣੇ ਕਰੀਅਰ ਅਤੇ ਤਜ਼ੁਰਬੇ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਆਪਣੀ ਸਵੈ ਇੱਛਾ ਨਾਲ ਹੀ ਆਪਣੇ ਕਰੀਅਰ ਦੀ ਚੋਣ ਕਰਨ। ਉਨ੍ਹਾਂ ਵਿਦਿਆਰਥੀਆਂ ਨਾਲ ਆਏ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਦਬਾਅ ਅਤੇ ਜ਼ਬਰਦਸਤੀ ਦੇ ਆਪਣਾ ਕਰੀਅਰ ਆਪ ਚੁਣਨ ਦਾ ਮੌਕਾ ਦੇਣ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿਚ ਵਿਦਿਆਰਥੀ ਦੀ ਨਿੱਜੀ ਦਿਲਚਸਪੀ ਹੁੰਦੀ ਹੈ ਉਹ ਉਸ ਖੇਤਰ ਵਿਚ ਵੱਡੀਆ ਮੱਲਾਂ ਮਾਰਨ ਦੀ ਸਮਰੱਥਾ ਰੱਖਦਾ ਹੈ।

ਇਨ੍ਹਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਸੰਘਰਸ਼ਾਂ, ਪ੍ਰਾਪਤੀਆਂ ਅਤੇ ਚੁਣੌਤੀਆਂ ਬਾਰੇ ਵੀ ਜਾਣੂ ਕਰਵਾਇਆ ਤਾਂ ਜੋ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਅਤੇ ਜਨਤਕ ਸੇਵਾ ਦੀ ਡੂੰਘੀ ਸੂਝ ਪ੍ਰਦਾਨ ਕੀਤੀ ਜਾ ਸਕੇ। ਇਸ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਲਾਈਨ, ਸਾਈਬਰ ਸੈੱਲ, ਪੁਲਿਸ ਕੰਟਰੋਲ ਰੂਮ, ਸਾਂਝ ਕੇਂਦਰ, ਜ਼ਿਲ੍ਹਾ ਸਿੱਖਿਆ ਦਫਤਰ, ਰੋਜ਼ਗਾਰ ਬਿਊਰੋ ਮੋਗਾ ਦਾ ਦੌਰਾ ਕਰਵਾ ਕੇ ਹਰ ਇਕ ਸੈੱਲ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।

ਇਸ ਮੌਕੇ 10ਵੀਂ ਕਲਾਸ ਦੇ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਦੀ ਸੁਹਾਨਾ ਸ਼ਰਮਾ (96.92 ਫੀਸਦੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ. ਗੜ ਦੇ ਅਨਮੋਲਦੀਪ ਸਿੰਘ (95.53 ਫੀਸਦੀ), ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡਾਲਾ ਦੀ ਅਰਚਨਾ ਨੇ (94.92 ਫਸੀਦੀ), 12ਵੀਂ ਜਮਾਤ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕਲੂ ਸਮਾਧ ਭਾਈ ਦੀ ਜਸਮੀਨ ਬਾਂਸਲ (97.6 ਫੀਸਦੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਦੀ ਰਾਜਦੀਪ ਕੌਰ (97.6 ਫੀਸਦੀ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਦੀ ਮੰਨਤ ਦੀਪ ਮੀਹਾਨ (97.4 ਫੀਸਦੀ) ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਤੋਂ ਆਪਣੇ ਉੱਜਵੱਲ ਭਵਿੱਖ ਲਈ ਦ੍ਰਿੜ ਇਰਾਦੇ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਲਈ।

ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਬੱਚਿਆਂ ਦੇ ਮਾਪੇ ਸਹਾਇਕ ਕਮਿਸ਼ਨਰ ਹਿਤੇਸ਼ਵੀਰ ਗੁਪਤਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਸ਼ੀਸ਼ ਕੁਮਾਰ ਸ਼ਰਮਾ, ਸਕੂਲਾਂ ਦੇ ਪ੍ਰਿੰਸਪੀਲ ਤੇ ਅਧਿਆਪਕ ਮੌਜੂਦ ਸਨ।

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *