ਮੋਗਾ/ ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/
ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਸਿਹਤ ਵਿਭਾਗ ਮੋਗਾ ਦੇ ਨੁਮਾਇੰਦਿਆਂ ਨਾਲ ਕੋਵਿਡ 19 ਨਾਲ ਸਬੰਧਤ ਰਿਵਿਊ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਉਨਾਂ ਨਾਲ ਸਹਾਇਕ ਕਮਿਸ਼ਨਰ (ਜ) ਗੁਰਬੀਰ ਸਿੰਘ ਕੋਹਲੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਚਰਨ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸ੍ਰੀ ਰਾਜਪਾਲ ਸਿੰਘ, ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਸ੍ਰੀ ਰਾਮ ਸਿੰਘ, ਉਪ ਮੰਡਲ ਮੈਸਿਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮੀਤਾ, ਜ਼ਿਲਾ ਵਿਕਾਸ ਫੈਲੋ ਸ੍ਰੀ ਰਵੀ ਤੇਜਾ, ਡੀ.ਐਸ.ਪੀ. ਸਿਟੀ ਬਰਜਿੰਦਰ ਸਿੰਘ ਵੀ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਨੁਮਇੰਦੇ ਕਾਰਜਕਾਰੀ ਸਿਵਲ ਸਰਜਨ ਮੋਗਾ ਡਾ. ਰਜੇਸ਼ ਅੱਤਰੀ, ਡਾ. ਮੁਨੀਸ਼ ਅਰੋੜਾ ਜ਼ਿਲਾ ਐਪੀਡੋਮੋਲੋਜਿਸਟ, ਡਾ. ਅਸ਼ੋਕ ਸਿੰਗਲਾ ਟੀਕਾਕਰਨ ਅਫ਼ਸਰ, ਨਰੇਸ਼ ਆਮਲਾ ਨੇ ਵੀ ਭਾਗ ਲਿਆ।
ਮੀਟਿੰਗ ਵਿੱਚ ਕਾਰਜਕਾਰੀ ਸਿਵਲ ਸਰਜਨ ਮੋਗਾ ਡਾ. ਰਜੇਸ਼ ਅੱਤਰੀ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਜ਼ਿਲਾ ਦੀ ਕੋਵਿਡ 19 ਨਾਲ ਸਬੰਧਤ ਰਿਪੋਰਟ ਪੇਸ਼ ਕੀਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਨੁਮਾਇੰਦਿਆਂ ਨੂੰ ਕੋਵਿਡ 19 ਦੇ ਟੀਕਾਕਰਨ ਅਤੇ ਸੈਂਪਲਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ। ਉਨਾਂ ਸਮੂਹ ਹਾਜ਼ਰੀਨ ਨੂੰ ਹਦਾਇਤ ਕੀਤੀ ਕਿ ਭਾਰਤ ਸਰਕਾਰ, ਪੰਜਾਬ ਸਰਕਾਰ ਵੱਲੋਂ ਜਾਰੀ ਹੋਈਆਂ ਕੋਵਿਡ 19 ਨਾਲ ਸਬੰਧਤ ਸਾਰੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਡਾ. ਰਜ਼ੇਸ਼ ਅੱਤਰੀ ਨੇ ਦੱਸਿਆ ਕਿ ਜ਼ਿਲਾ ਮੋਗਾ ਵਿੱਚ ਲੈਵਲ 2 ਦੇ 5 ਪ੍ਰਾਇਮਰੀ ਹੈਲਥ ਸੈਂਟਰ ਹੋਰ ਤਿਆਰ ਕੀਤੇ ਗਏ ਹਨ, ਜਿੰਨਾਂ ਵਿੱਚ ਦੌਲਤਪੁਰਾ ਨੀਵਾਂ, ਬੁੱਟਰ, ਫਤਹਿਗੜ ਪੰਜਤੂਰ, ਬਿਲਾਸਪੁਰ ਤੇ ਸੁਖਾਨੰਦ ਸ਼ਾਮਿਲ ਹਨ। ਉਨਾਂ ਦੱਸਿਆ ਕਿ ਜ਼ਿਲਾ ਵਿੱਚ ਇਸ ਸਮੇਂ ਲੈਵਲ 2 ਦੇ ਸਰਕਾਰੀ 130 ਅਤੇ 353 ਪ੍ਰਾਈਵੇਟ ਬੈਂਡਾਂ ਦੀ ਵਿਵਸਥਾ ਹੈ। ਲੈਵਲ 3 ਦੇ ਵੀ 5 ਬੈੱਡ ਤਿਆਰ ਕੀਤੇ ਗਏ ਹਨ।
ਡਾ. ਅੱਤਰੀ ਨੇ ਦੱਸਿਆ ਕਿ ਜ਼ਿਲਾ ਮੋਗਾ ਦੇ ਹੁਣ ਤੱਕ ਕੁੱਲ 8653 ਕੇਸ ਪਾਜੀਟਿਵ ਆਏ ਹਨ ਅਤੇ 233 ਮੌਤਾਂ ਹੁਣ ਤੱਕ ਕੋਵਿਡ ਨਾਲ ਜ਼ਿਲਾ ਮੋਗਾ ਵਿੱਚ ਹੋ ਚੁੱਕੀਆਂ ਹਨ। ਉਨਾਂ ਦੱਸਿਆ ਕਿ ਹੁਣ ਤੱਕ ਕੋਵਿਡ ਦੇ 2 ਲੱਖ 10 ਹਜ਼ਾਰ 974 ਸੈਂਪਲ ਲਏ ਜਾ ਚੁੱਕੇ ਹਨ ਅਤੇ 5 ਲੱਖ 50 ਹਜ਼ਾਰ ਦੇ ਕਰੀਬ ਕਰੋਨਾ ਵੈਕਸੀਨ ਡੋਜਾਂ ਲਗਾਈਆਂ ਜਾ ਚੁੱਕੀਆਂ ਹਨ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਕੋਵਿਡ 19 ਦੇ ਕੇਸਾਂ ਦੀ ਦਰ ਭਾਵੇਂ ਘਟ ਚੁੱਕੀ ਹੇੈ ਪ੍ਰੰਤੂ ਹਾਲੇ ਸਾਨੂੰ ਇਸਤੋਂ ਅਵੇਸਲਾ ਹੋਣਾ ਮਹਿੰਗਾ ਪੈ ਸਕਦਾ ਹੈ। ਉਨਾਂ ਕਿਹਾ ਕਿ ਜ਼ਿਲਾ ਵਿੱਚ ਕੋਵਿਡ ਸੈਂਪਲਿੰਗ ਅਤੇ ਟੀਕਾਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਕੋਵਿਡ ਦੀਆਂ ਡੋਜ਼ਾਂ ਹਰ ਇੱਕ ਵਿਅਕਤੀ ਦੇ ਲਗਵਾਈਆਂ ਜਾ ਸਕਣ ਅਤੇ ਉਨਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ।