ਮੋਗਾ, 31 ਜੁਲਾਈ: { ਜਗਰਾਜ ਲੋਹਾਰਾ }
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਖਿਲਾਫ਼ ਵਿੱਢੀ ਜੰਗ ਨੂੰ ਜਿੱਤਣ ਲਈ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਜ਼ਮੀਨੀ ਪੱਧਰ ‘ਤੇ ਪਹੰਚਾਉਣ ਲਈ ਯੋਗਦਾਨ ਪਾਉਣ ਵਾਲੇ ਜ਼ਿਲ੍ਹਾ ਮੋਗਾ ਦੇ ਮਿਸ਼ਨ ਫਤਹਿ ਯੋਧਿਆਂ ਨੂੰ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟ ਅਤੇ ਟੀ-ਸ਼ਰਟ ਦੇ ਕੇ ਸਨਮਾਨਿਤ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਹੰਸ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਕੋਵਾ ਐਪ ਰਾਹੀ ਆਰੰਭ ਕੀਤੀ ਰਾਜ ਪੱਧਰੀ ਪ੍ਰਤੀਯੋਗਤਾ ‘ਚ ਜੇਤੂ ਰਹਿਣ ਵਾਲਿਆਂ ਦੀ ਸੂਬਾ ਪੱਧਰੀ ਸੂਚੀ ‘ਚ ਹੁਣ ਤੱਕ ਜ਼ਿਲਾ ਮੋਗਾ ਦੇ 2 ਗੋਲਡ, 3 ਸਿਲਵਰ ਅਤੇ 16 ਬਰਾਂਊਜ ਸਰਟੀਫਿਕੇਟ ਲਈ ਕੁੱਲ 17 ਵਿਅਕਤੀਆਂ ਨੂੰ ਯੋਗ ਪਾਇਆ ਗਿਆ ਹੈ।
ਸ਼੍ਰੀ ਹੰਸ ਨੇ ਕਿਹਾ ਕਿ ਮਿਸ਼ਨ ਫਤਹਿ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕੋਵਿਡ 19 ਦੀ ਸਾਵਧਾਨੀਆਂ ਅਤੇ ਬਚਾਅ ਬਾਰੇ ਜਾਣੂ ਕਰਵਾਉਣਾ ਹੈ, ਤਾਂ ਜੋ ਲੋਕ ਆਪਣੇ ਨਾਲ-ਨਾਲ ਦੂਜਿਆਂ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸਹਿਯੋਗ ਕਰ ਸਕਣ। ਉਨਾਂ ਮਿਸ਼ਨ ਫ਼ਤਹਿ ਯੋਧਿਆਂ ਦਾ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਅਤੇ ਜ਼ਿਲੇ ਅੰਦਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਸਬੰਧੀ ਆਮ ਲੋਕਾਂ ਹੋਰ ਵਧੇਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਇਆ ਜਾ ਸਕੇਗਾ।
ਸੰਖੇਪ ਸਮਾਗਮ ਦੌਰਾਨ ਸ਼੍ਰੀ ਹੰਸ ਨੇ ਮਿਸ਼ਨ ਯੋਧਿਆਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ। ਇਸ ਮੌਕੇ ਮੋਗਾ ਦੇ ਉਪ ਮੰਡਲ ਮੈਜਿਸਟਰੇਟ ਸ੍ਰ ਸਤਵੰਤ ਸਿੰਘ,ਜਿਲਾ ਲੋਕ ਸੰਪਰਕ ਅਫਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਹੋਰ ਹਾਜ਼ਰ ਸਨ।