ਮੋਗਾ 1 ਨਵੰਬਰ:( ਮਿੰਟੂ ਖੁਰਮੀ) ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਵੱਲੋ ਪਰਾਲੀ ਨਾ ਸਾੜਨ ਦਾ ਸੰਦੇਸ਼ ਦਿੰਦੀ ਅਤੀ ਅਧੁਨਿਕ ਤਕਨੀਕ ਨਾਲ ਲੈਸ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਜਾਗਰੂਕਤਾ ਵੈਨ ਜ਼ਿਲ੍ਹਾ ਦੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕਰੇਗੀ। ਇਸ ਮੌਕੇ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਦਰ ਡਾ.ਅਮਨਦੀਪ ਸਿੰਘ ਬਰਾੜ, ਖੇਤੀਬਾੜੀ ਅਫ਼ਸਰ ਡਾ ਜਸਵਿੰਦਰ ਸਿੰਘ ਬਰਾੜ ਅਤੇ ਕਿਸਾਨ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇਣ ਸਮੇ ਦੱਸਿਆ ਕਿ ਇਹ ਵੈਨ ਜ਼ਿਲ੍ਹਾ ਦੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਅਤੇ ਵਰਤੋ ਬਾਰੇ ਜਾਗਰੂਕ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਬਾਣੀ ਕਹਿੰਦੀ ਹੈ ਕਿ ਬਰਕਤ ਹੁੰਦੀ ਨੇਕ ਕਮਾਈ ਦੀ, ਜਿਹੜੀ ਧਰਤ ਦਾ ਖਾਈਏ ਉਹਨੂੰ ਅੱਗ ਨਹੀ ਲਾਈਦੀ। ਉਨ੍ਹਾਂ ਕਿਹਾ ਕਿ ਵੀਡੀਓਗ੍ਰਾਫੀ ਅਤੇ ਫੋਟੋਆਂ ਆਦਿ ਨਾਲ ਲੈਸ ਇਹ ਵੈਨ ਜ਼ਿਲ੍ਹਾ ਦੇ ਕਿਸਾਨਾਂ ਦੇ ਰੁਬਰੂ ਹੋਵੇਗੀ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਇ ਇਸ ਦੀ ਸਾਂਭ ਸੰਭਾਲ ਦੀ ਵਿਉਤਬੰਦੀ ਬਾਰੇ ਜਾਣਕਾਰੀ ਦੇਵੇਗੀ।