—-ਆਗਾਮੀ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਹੋਣ ਵਾਲੇ ਹੜ੍ਹ ਰੋਕੂ ਕਾਰਜਾਂ ਦਾ ਵੀ ਲਿਆ ਜ਼ਾਇਜ਼ਾ
—ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਧੁੱਸੀ ਬੰਧ ਨੂੰ ਮਜ਼ਬੂਤ ਕਰਨ ਦੇ ਦਿੱਤੇ ਆਦੇਸ਼
—ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ ਅਤੇ ਹੱਲ ਕਰਨ ਦਾ ਦਿਵਾਇਆ ਭਰੋਸਾ
ਮੋਗਾ 6 ਜੂਨ (ਜਗਰਾਜ ਸਿੰਘ ਗਿੱਲ ,ਗੁਰਪ੍ਸਾਦ ਸਿਧੂ)
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਆਈ.ਏ.ਐਸ ਵੱਲੋਂ ਜ਼ਿਲ੍ਹਾ ਅੰਦਰ ਦਰਿਆ ਸਤਲੁੱਜ ਨਾਲ ਲੱਗਦੇ ਧੁੱਸੀ ਬੰਨ੍ਹ ‘ਤੇ ਆਗਾਮੀ ਬਰਸਾਤਾਂ ਕਾਰਣ ਸੰਭਾਵਿਤ ਹੜ੍ਹਾਂ ਤੋ ਪ੍ਰਭਾਵਿਤ ਹੋਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਰੇਸ਼ਮ ਸਿੰਘ (ਚਾਰਜ ਐਸ.ਡੀ.ਐਮ. ਧਰਮਕੋਟ), ਐਸ.ਡੀ.ਓ. ਡਰੇਨਜ਼ ਗੁਰਸਿਮਰਨ ਸਿੰਘ ਗਿੱਲ, ਡੀ.ਆਰ.ਏ. ਗੁਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦਰਿਆ ਸਤਲੁੱਜ ਦੇ ਧੁੱਸੀ ਬੰਧ ਅਤੇ ਇਸਦੇ ਨਾਲ ਲੱਗਦੇ ਪਿੰਡ ਬਹਾਦਰਕੇ, ਗੱਟੀ ਜੱਟਾਂ, ਚੱਕ ਭੌਰਾ, ਚੱਕ ਤਾਰੇ ਵਾਲਾ, ਭੈਣੀ, ਬਾਸੀਆਂ, ਆਦਿ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਹੋਣ ਵਾਲੇ ਹੜ੍ਹ ਰੋਕੂ ਕਾਰਜਾਂ ਅਤੇ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਬਣਾਏ ਗਏ ਸਟੱਡਾਂ/ਸਪੱਰਾਂ ਆਦਿ ਦਾ ਜ਼ਾਇਜਾ ਲਿਆ। ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬੰਧ ਦੀਆਂ ਨਾਜ਼ੁਕ ਥਾਵਾਂ ‘ਤੇ ਹੜ੍ਹਾਂ ਤੋ ਬਚਾਓ ਲਈ ਕੰਮ ਬਰਸਾਤਾਂ ਦੇ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣ, ਤਾਂ ਜੋ ਆਉਣ ਵਾਲੇ ਬਰਸਾਤਾਂ ਦੇ ਸੀਜ਼ਨ ਦੌਰਾਨ ਇਲਾਕੇ ਦੇ ਲੋਕਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਇਲਾਕੇ ਦੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸੁਝਾਅ ਲੈਣ ਉਪਰੰਤ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਪਿੰਡ ਭੈਣੀ ਦੇ ਨਿਵਾਸੀਆਂ ਵੱਲੋ ਦਰਿਆ ਦੇ ਪਾਣੀ ਕਾਰਣ ਲੱਗ ਰਹੀ ਢਾਹ ਨੂੰ ਰੋਕਣ ਦੀ ਅਪੀਲ ਡਿਪਟੀ ਕਮਿਸ਼ਨਰ ਕੋਲ ਕੀਤੀ। ਡਿਪਟੀ ਕਮਿਸ਼ਨਰ ਨੇ ਮੌਕੇ ‘ਤੇ ਹੀ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡ ਭੈਣੀ ਵਿਖੇ ਲੱਗ ਰਹੀ ਪਾਣੀ ਦੀ ਢਾਹ ਨੂੰ ਤੁਰੰਤ ਰੋਕ ਲਗਾਈ ਜਾਵੇ.
ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਆਗਾਮੀ ਬਰਸਾਤੀ ਸੀਜ਼ਨ ਤੋ ਪਹਿਲਾਂ ਬੰਨ੍ਹ ਦੀ ਮਜ਼ਬੂਤੀ ਲਈ ਹੋਣ ਵਾਲੇ ਕੰਮਾਂ ਨੂੰ ਮੁਕੰਮਲ ਕਰਨ ਦਾ ਭਰੋਸਾ ਦਿਵਾਇਆ।