ਮੋਗਾ 5 ਨਵੰਬਰ
(ਜਗਰਾਜ ਗਿੱਲ,ਮਿੰਟੂ ਖੁਰਮੀ ) ਖੇਤੀ ਬਾਰੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਮੋਗਾ ਫਿਰੋਜ਼ਪੁਰ ਰੋਡ ਉੱਤੇ ਕਿਸਾਨਾਂ ਨੇ ਡਗਰੂ ਪਿੰਡ ਜਾਮ ਲਾਇਆ। ਦੇਸ਼ਵਿਆਪੀ ਚੱਕਾ ਜਾਮ ਤਹਿਤ ਸੜਕਾਂ ਉੱਤੇ ਬੈਠੇ ਲੋਕਾਂ ਨੇ ਕਿਹਾ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕੀਤੇ ਜਾਣ। ਕਿਉਂਕਿ ਇਹ ਕਾਨੂੰਨ ਜਿੱਥੇ ਅੰਨ ਪੈਦਾ ਕਰਨ ਵਾਲੇ ਲੋਕਾਂ ਦਾ ਉਜਾੜਾ ਕਰਨਗੇ, ਓਥੇ ਅੰਨ ਖਾਣ ਵਾਲੇ ਸਭ ਲੋਕਾਂ ਨੂੰ ਤਬਾਹ ਕਰ ਦੇਣਗੇ। ਇਹ ਕਾਨੂੰਨ ਦੇਸ਼ ਦੇ ਕਰੋੜਾਂ ਲੋਕਾਂ ਦੀ ਜਿੰਦਗੀ ਮੁਸੀਬਤ ਵਿੱਚ ਪਾ ਕੇ, ਅੰਬਾਨੀਆਂ ਅਦਾਨੀਆਂ ਦੇ ਵਾਰੇ ਨਿਆਰੇ ਕਰਨਗੇ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਸਾਫੂਵਾਲਾ, ਸੁਖਜਿੰਦਰ ਮਹੇਸਰੀ, ਨਿਰੰਜਨ ਸਿੰਘ ਉਮਰੀਆਣਾ, ਭੁਪਿੰਦਰ ਸਿੰਘ ਦੌਲਤਪੁਰਾ, ਮਾਸਟਰ ਹਜ਼ੂਰਾ ਸਿੰਘ, ਕੁਲਦੀਪ ਸਿੰਘ ਖੁਖਰਾਣਾ, ਚਮਕੌਰ ਸਿੰਘ ਗਗੜਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਜਗਰੂਪ ਸਿੰਘ ਦੌਲਤਪੁਰਾ, ਸੁਰਿੰਦਰ ਸਿੰਘ ਰਾਕਟ ਨੇ ਕਿਹਾ ਕਿ ਖੇਤੀ ਬਾਬਤ ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਪੰਜਾਬ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਕਰਨਗੇ। ਕਿਉਂਕਿ ਸਰਕਾਰਾਂ ਦੀਆਂ ਖੇਤੀ ਮਾਰੂ ਨੀਤੀਆਂ ਨੇ ਪਹਿਲੋਂ ਹੀ ਇੱਥੇ ਕਿਸਾਨ ਕਰਜ਼ਈ ਕੀਤੇ ਹਨ, ਉਹਨਾਂ ਨੂੰ ਖੁਦਕੁਸ਼ੀਆਂ ਵੱਲ ਤੋਰਿਆ ਹੈ। ਪੰਜਾਬ ਦੇ ਇੱਕ ਕਰੋੜ ਨੌਜਵਾਨ ਧੀਆਂ ਪੁੱਤ ਜੋ ਪਹਿਲੋਂ ਹੀ ਰੁਜ਼ਗਾਰ ਨੂੰ ਤਰਸ ਰਹੇ ਹਨ, ਜੋ ਰੋਜ ਸੜਕਾਂ ਉੱਤੇ ਨੌਕਰੀਆਂ ਖਾਤਰ ਰੁਲ ਰਹੇ ਹਨ ਤੇ ਹੁਣ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਲੋਕਾਂ ਨੂੰ ਖੇਤਾਂ ਵਿੱਚੋਂ ਬਾਹਰ ਕਰਕੇ ਬੇਰੁਜ਼ਗਾਰਾਂ ਦੀ ਭੀੜ ਵਧਾ ਦੇਣਗੇ। ਆਗੂਆਂ ਨੇ ਕਿਹਾ ਕਿ ਦੇਸ਼ ਮਾਰੂ ਕਾਲੇ ਕਾਨੂੰਨਾਂ ਖਿਲਾਫ਼ ਲੜਾਈ ਵਿੱਚ ਪੰਜਾਬੀ ਮੋਹਰੀ ਰੋਲ ਨਿਭਾਉਣਗੇ। ਪੰਜਾਬ ਦੀ ਜਾਲਮ ਹਕੂਮਤਾਂ ਨਾਲ ਮੱਥਾ ਲਾਉਣ ਦੀ ਗੌਰਵਮਈ ਵਿਰਾਸਤ ਹੈ। ਪੰਜਾਬ ਦੇ ਬਹਾਦਰ ਲੋਕ ਗੁਰੂ ਸਹਿਬਾਨਾਂ, ਗ਼ਦਰੀ ਬਾਬਿਆਂ ਅਤੇ ਭਗਤ – ਸਰਾਭਿਆਂ ਦੇ ਵਾਰਸ ਹਨ, ਇਹ ਲੁਟੇਰੇ ਘਰਾਣਿਆਂ ਨੂੰ ਪੰਜਾਬ ਦੀ ਜ਼ਰਖੇਜ਼ ਧਰਤੀ ਉੱਤੇ ਕਾਬਜ ਨਹੀਂ ਹੋਣ ਦੇਣਗੇ। ਪੰਜਾਬ ਦੀ ਧਰਤੀ ਕੇਵਲ ਸਰਬੱਤ ਲਈ ਅੰਨ ਉਗਾਉਣ ਵਾਸਤੇ ਹੈ ਨਾ ਕਿ ਕਾਰਪੋਰੇਟ ਘਰਾਣਿਆਂ ਲਈ ਜਮੀਨਾਂ ਉੱਤੇ ਕਬਜ਼ਾ ਕਰਕੇ ਮੁਨਾਫੇ ਕਮਾਉਣ ਵਾਸਤੇ। ਇਸ ਮੌਕੇ ਬੁਲਾਰਿਆਂ ਨੇ ਪਿੰਡਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 26-27 ਨਵੰਬਰ ਨੂੰ ਦਿੱਲੀ ਉੱਤੇ ਧਾਵਾ ਬੋਲਣ ਦੀ ਤਿਆਰੀ ਕਰਨ। ਇਸ ਮੌਕੇ ਅਮਰਜੀਤ ਸਿੰਘ ਡਗਰੂ, ਸਿਵਰਨਜੀਤ ਕੌਰ ਖਾਲਸਾ, ਉਮਰਿਆਣਾ, ਪਰਮਜੀਤ ਕੌਰ ਆਂਗਣਵਾੜੀ ਵਰਕਰਜ਼, ਜਸਵਿੰਦਰ ਕੌਰ, ਨਵਜੋਤ ਜੋਗੇਵਾਲਾ, ਅਮਰੀਕ ਸਿੰਘ ਖੁਖਰਾਣਾ, ਸ਼ਿੰਦਰ ਸਿੰਘ ਸਾਫੂਵਾਲਾ, ਇੰਦਰਜੀਤ ਸਿੰਘ ਨਿਧਾਵਾਲਾ, ਬੇਅੰਤ ਸਿੰਘ ਬਘੇਲੇਵਾਲਾ, ਸ਼ਿੰਦਰ ਸਿੰਘ ਖਾਲਸਾ, ਲਖਵੀਰ ਸਿੰਘ ਰਾਜੂ ਮਹੇਸਰੀ, ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ, ਸ਼ੇਰ ਸਿੰਘ ਨੰਬਰਦਾਰ, ਜਸਵੀਰ ਕੌਰ, ਜਸਵੰਤ ਸਿੰਘ ਮੰਗੇਵਾਲਾ, ਇਕਬਾਲ ਸਰਪੰਚ ਗਲੋਟੀ, ਸ਼ਿੰਦਰ ਸਿੰਘ ਖਾਲਸਾ, ਸਤਪਾਲ ਸਿੰਘ ਖਾਲਸਾ, ਤਾਰਾ ਸਿੰਘ, ਸੂਬਾ ਸਿੰਘ ਡਗਰੂ, ਬਲਵਿੰਦਰ ਕੌਰ, ਏਕਮਜੀਤ ਸਿੰਘ, ਚਮਕੌਰ ਸਿੰਘ ਝੰਡੇਆਣਾ, ਹਰਦਿਆਲ ਸਿੰਘ ਮਹੇਸਰੀ, ਮਾਸਟਰ ਠਾਣਾ ਸਿੰਘ, ਗੁਰਵਿੰਦਰ ਸਿੰਘ ਸਲੀਨਾ, ਜਗਰਾਜ ਸਿੰਘ ਸਰਪੰਚ, ਸਬਰਾਜ ਖੋਸਾ, ਸੁਖਜਿੰਦਰ ਸਿੰਘ ਸਰਪੰਚ ਹਾਜਰ ਸਨ। ਇਸ ਮੌਕੇ ਜਨੇਰ ਟਕਸਾਲ ਹਜੂਰੀ ਜੱਥਾ ਨੇ ਹਕੂਮਤ ਨੂੰ ਵੰਗਾਰਦੀਆਂ ਕਵੀਸ਼ਰੀਆਂ ਬੋਲ ਕੇ ਧਰਨੇਕਾਰੀਆਂ ਨੂੰ ਦਿੱਲੀ ਵੱਲ ਵਧਣ ਦਾ ਸੁਨੇਹਾ ਦਿੱਤਾ।