– ਆਪਣੀ ਚੋਣ ਜਾਗਰੂਕਤਾ ਦੀ ਵੀਡੀਓ ਮੁੱਖ ਚੋਣ ਅਫ਼ਸਰ ਪੰਜਾਬ ਦੇ ਫੇਸਬੁੱਕ ਪੇਜ਼ ਨਾਲ ਸਾਂਝੀ ਕਰਨ ਦੀ ਅਪੀਲ
-ਭਾਗੀਦਾਰਾਂ ਨੂੰ ਰਾਸ਼ਟਰੀ ਵੋਟਰ ਦਿਵਸ ਤੇ ਕੀਤਾ ਜਾਵੇਗਾ ਸਨਮਾਨਿਤ-ਜ਼ਿਲ੍ਹਾ ਚੋਣ ਅਫ਼ਸਰ
ਮੋਗਾ, 24 ਦਸੰਬਰ:(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਵੋਟ ਹਰ ਇੱਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ। ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਸਾਡੀ ਵੋਟ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਇਸ ਲਈ ਹਰ ਇੱਕ ਯੋਗ ਨਾਗਰਿਕ ਦਾ ਵੋਟ ਦੀ ਅਹਿਮੀਅਤ ਨੂੰ ਸਮਝਣਾ ਅਤੇ ਇਸ ਨੂੰ ਬਣਾਉਣਾ ਬਹੁਤ ਜਰੂਰੀ ਹੈ।
ਇਨ੍ਹਾਂ ਸ਼ਬਦਾਂ ਨੂੰ ਬਿਆਨ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਹਰ ਨੌਜਵਾਨ ਨੂੰ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰਨ ਅਤੇ ਆਪਣੀ ਨਵੀਂ ਵੋਟ ਨਿਸ਼ਚਿਤ ਸਮੇਂ ਤੇ ਬਣਾਉਣ ਲਈ ਜਾਗਰੂਕ ਕਰਨ ਹਿੱਤ ਵੱਖ ਵੱਖ ਸਰਕਾਰੀ/ਪ੍ਰਾਈਵੇਟ ਨੁਮਾਇੰਦੇ ਅਤੇ ਸੰਸਥਾਵਾਂ ਆਦਿ ਆਪਣੇ ਆਪਣੇ ਪੱਧਰ ਤੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਮੋਗਾ ਜਿਲ੍ਹਾ ਦੇ ਟਰਾਂਸਜੈਂਡਰਾਂ ਨੂੰ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਤਹਿਤ ਆਪਣੀ ਭਾਗੀਦਾਰੀ ਨਿਭਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਜ਼ਿਲ੍ਹੇ ਦੇ ਸਮੂਹ ਟਰਾਂਸਜੇਡਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਚੋਣਾਂ ਪ੍ਰਤੀ ਜਾਗਰੂਕ ਕਰਦੇ ਹੋਏ 5 ਮਿੰਟ ਦੀ ਵੀਡੀਓ ਬਣਾ ਕੇ 5 ਜਨਵਰੀ ਤੋਂ ਪਹਿਲਾਂ-ਪਹਿਲਾਂ ਮੁੱਖ ਚੋਣ ਅਫ਼ਸਰ ਪੰਜਾਬ ਦੇ ਫੇਸਬੁੱਕ ਪੇਜ਼ #TheCEOPunjab, #LoktantarDeRang ਦੇ ਨਾਲ ਸ਼ੇਅਰ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਵੀਡੀਓ ਸ਼ੇਅਰ ਕਰਨ ਵਾਲੇ ਭਾਗੀਦਾਰ ਨੂੰ 25 ਜਨਵਰੀ 2021 ਦੇ ਰਾਸ਼ਟਰੀ ਵੋਟਰ ਦਿਵਸ ਦੇ ਸਮਾਗਮ ਦੇ ਮੌਕੇ ਤੇ ਸਨਮਾਨਿਤ ਕੀਤਾ ਜਾਵੇਗਾ।