ਭੋਗ ਤੇ ਵਿਸ਼ੇਸ਼
ਮੋਗਾ 13 ਮਾਰਚ (ਜਗਰਾਜ ਸਿੰਘ ਗਿੱਲ)
ਪਿੰਡ ਜਲਾਲਾਬਾਦ ਪੂਰਬੀ ਦੇ ਬਾਬਾ ਬੋਹੜ ਵਾਂਗ ਸਤਿਕਾਰੇ ਜਾਂਦੇ ਸਾਬਕਾ ਸਰਪੰਚ ਨੱਥਾ ਸਿੰਘ ਮਿਹਨਤ, ਸਿਰੜ ਅਤੇ ਵੈਰਾਗ ਦੀ ਮੂਰਤ ਸਨ । ਆਪ ਜੀ ਦਾ ਜਨਮ ਮਾਤਾ ਪਿਆਰ ਕੌਰ ਦੀ ਕੁੱਖੋਂ ਪਿਤਾ ਬਚਨ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ 10 ਅਕਤੂਬਰ 1954 ‘ਚ ਪਿੰਡ ਜਲਾਲਾਬਾਦ ਪੂਰਬੀ ਵਿਖੇ ਹੋਇਆ। ਸ. ਨੱਥਾ ਸਿੰਘ ਨੇ ਮੁੱਢਲੀ ਸਿੱਖਿਆ ਜਲਾਲਾਬਾਦ ਤੋਂ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ 1974 ਨੂੰ ਪਿੰਡ ਸਦਰਪੁਰਾ ‘ਚ ਬੀਬੀ ਚਰਨਜੀਤ ਕੌਰ ਨਾਲ ਹੋਇਆ ਅਤੇ ਇਹਨਾਂ ਦੇ ਘਰ ਦੋ ਪੁੱਤਰਾਂ ਨਿਰਮਲ ਸਿੰਘ ਬਿੱਟੂ, ਜਸਵੰਤ ਸਿੰਘ ਜੋਧਾ ਅਤੇ ਇਕ ਧੀ ਸਰਬਜੀਤ ਕੌਰ ਨੇ ਜਨਮ ਲਿਆ। ਸ. ਨੱਥਾ ਸਿੰਘ ਨੇ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ ਦੇ ਨਾਲ ਨਾਲ ਟਰੈਕਟਰਾਂ ਦਾ ਵਪਾਰ ਸ਼ੁਰੂ ਕੀਤਾ। ਗੁਰਸਿੱਖੀ ਜੀਵਨ ਅਤੇ ਸੇਵਾ ਨੂੰ ਪ੍ਰਣਾਏ ਸ. ਨੱਥਾ ਸਿੰਘ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਪਿੰਡ ਵਾਸੀਆਂ ਨੇ 1993 ਵਿਚ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ। ਰਾਜਨੀਤੀ ਦੇ ਇਸ ਸਫ਼ਰ ਦੌਰਾਨ ਸ. ਨੱਥਾ ਸਿੰਘ 1995 ਵਿਚ ਬਲਾਕ ਸੰਮਤੀ ਮੈਂਬਰ ਬਣੇ। ਉਹਨਾਂ ਆਪਣੀ ਪੰਜ ਸਾਲਾ ਸਰਪੰਚੀ ਦੇ ਕਾਰਜਕਾਲ ਦੌਰਾਨ ਪਿੰਡ ਦਾ ਚਿਹਰਾ ਮੁਹਰਾ ਸਵਾਰਿਆ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਉਹ ਪਿੰਡ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਲਈ ਆਪਣਾ ਯੋਗਦਾਨ ਪਾਉਂਦੇ ਰਹੇ। ਆਪ ਜੀ ਨੇ ਵੱਖ ਵੱਖ ਵਿੱਦਿਅਕ ਅਦਾਰਿਆਂ ਅਤੇ ਧਾਰਮਿਕ ਸਥਾਨਾਂ ਦੀ ਉਸਾਰੀ ਲਈ ਯੋਗਦਾਨ ਪਾਉਣ ਤੋਂ ਇਲਾਵਾ ਗਰੀਬ ਲੜਕੀਆਂ ਦੇ ਵਿਆਹ, ਸਿੱਖਿਆ ਅਤੇ ਹੋਰ ਲੋੜਾਂ ਲਈ ਪਿਤਾ ਵਾਂਗ ਆਪਣੇ ਫਰਜ਼ ਨਿਭਾਏ।
ਸ. ਨੱਥਾ ਸਿੰਘ ਟਕਸਾਲੀ ਕਾਂਗਰਸੀ ਸਨ ਅਤੇ ਉਹ ਪਹਿਲਾਂ ਉੱਘੇ ਕਾਂਗਰਸੀ ਆਗੂ ਮੰਡੀ ਬੋਰਡ ਦੇ ਚੇਅਰਮੈਨ ਹਰਚਰਨ ਸਿੰਘ ਹੀਰੋ ਪਰਿਵਾਰ ਨਾਲ ਜੁੜ ਕੇ ਪਾਰਟੀ ਗਤੀਵਿਧੀਆਂ ਲਈ ਕੰਮ ਕਰਦੇ ਰਹੇ ਅਤੇ ਜਦੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਧਰਮਕੋਟ ਹਲਕੇ ਵਿਚ ਸਰਬਪ੍ਰਵਾਨਿਤ ਆਗੂ ਵਜੋਂ ਉੱਭਰੇ ਤਾਂ ਸ. ਨੱਥਾ ਸਿੰਘ ਕਾਕਾ ਲੋਹਗੜ੍ਹ ਦੇ ਅਤਿ ਨਜ਼ਦੀਕੀ ਸਾਥੀਆਂ ਵਿਚ ਸ਼ੁਮਾਰ ਹੋਣ ਲੱਗੇ ਅਤੇ ਇਹ ਸਾਥ ਸ. ਨੱਥਾ ਸਿੰਘ ਨੇ ਆਪਣੇ ਆਖਰੀ ਸਾਹਾਂ ਤੱਕ ਨਿਭਾਇਆ।
ਸ. ਨੱਥਾ ਸਿੰਘ ਨੇ 2004 ‘ਚ ਖਵਾਜਾ ਬਲੀ ਬੋਰਿੰਗ ਐਂਡ ਕੰਪਨੀ ਬਣਾਈ ਅਤੇ ਖੇਤੀ ਦੇ ਕਾਰੋਬਾਰ ਦੇ ਨਾਲ ਨਾਲ ਠੇਕੇਦਾਰ ਵਜੋਂ ਵਾਟਰ ਵਰਕਸ ਦੇ ਕੰਮ ਕਰਵਾਉਂਦੇ ਰਹੇ। ਸ. ਨੱਥਾ ਸਿੰਘ ਤੋਂ ਪਰਿਵਾਰਕ ਸੰਸਕਾਰ ਲੈ ਕੇ ਉਹਨਾਂ ਦੇ ਸਪੁੱਤਰ ਸ. ਨਿਰਮਲ ਸਿੰਘ ਨੇ ਇੰਟਰਲਾਕ ਟਾਇਲਾਂ ਦੇ ਨਿਰਮਾਣ ਲਈ ਰਾਮਗੜ੍ਹੀਆ ਟਾਇਲਜ਼ ਨਾਮ ਦੀ ਕੰਪਨੀ ਬਣਾ ਕੇ ਕਾਰੋਬਾਰੀ ਵਜੋਂ ਆਪਣਾ ਨਾਮ ਬਣਾਇਆ ਜਦਕਿ ਦੂਜੇ ਸਪੁੱਤਰ ਸ. ਜਸਵੰਤ ਸਿੰਘ ਜੋਧਾ ਨੇ ਸ਼ਟਰਿੰਗ ਦਾ ਕੰਮ ਅਪਣਾਇਆ ਅਤੇ ਦੋਹੇਂ ਆਪਣੇ ਪਿਤਾ ਵੱਲੋਂ ਦਿੱਤੀਆਂ ਨੈਤਿਕ ਕਦਰਾਂ ਦੇ ਬਲਬੂਤੇ ’ਤੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਹਨ।
ਬੀਤੀ 5 ਮਾਰਚ ਨੂੰ ਸ. ਨੱਥਾ ਸਿੰਘ ਸਰਪੰਚ ਆਪਣੇ ਵੱਡੇ ਪਰਿਵਾਰ ਨੂੰ ਅਲਵਿਦਾ ਆਖ ਗਏ ਜਿਹਨਾਂ ਨਮਿੱਤ ਸ਼੍ਰੀ ਸਹਿਜ ਪਾਠਾਂ ਦੇ ਭੋਗ 14 ਮਾਰਚ ਦਿਨ ਐਤਵਾਰ ਨੂੰ ਜਲਾਲਾਬਾਦ ਪੂਰਬੀ ਪਿੰਡ ਦੇ ਗੁਰਦੁਆਰਾ ਸਈਅਦ ਕਬੀਰ ਸਾਹਿਬ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆ
ਇਹ ਜਾਣਕਾਰੀ ਸਾਡੇ ਨਾਲ ਸੋਹਣ ਸਿੰਘ ਖੇਲਾ ਪੀ ਏ ਟੂ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਸਾਂਝੀ ਕੀਤੀ।