ਅੱਗ ਲਗਾਉਣ ਵਾਲੇ ਕਿਸਾਨਾਂ ਤੇ ਕੀਤੀ ਜਾਵੇਗੀ ਸਖਤ ਕਾਰਵਾਈ
ਮੋਗਾ, 16 ਸਤੰਬਰ (ਜਗਰਾਜ ਸਿੰਘ ਗਿੱਲ) – ਇਸ ਸੀਜ਼ਨ ਦੌਰਾਨ ਜ਼ਿਲ੍ਹਾ ਮੋਗਾ ਵਿਚ ਝੋਨੇ ਦੀ ਪਰਾਲੀ ਅਤੇ ਹੋਰ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਪੂਰਨ ਪਾਬੰਦੀ ਹੈ। ਕੋਈ ਵੀ ਕਿਸਾਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਦੀ ਉਲੰਘਣਾ ਨਹੀ ਕਰ ਸਕਦਾ ਅਤੇ ਜੇਕਰ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਵੇਗਾ ਤਾਂ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਸੰਦੀਪ ਹੰਸ ਡਿਪਟੀ ਕਮਿਸ਼ਨਰ, ਮੋਗਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਵਿਚ ਕੀਤਾ। ਉਨ੍ਹਾਂ ਨੇ ਜ਼ੀਰੋ ਪ੍ਰਤੀਸ਼ਤ ਸਟੱਬਲ ਬਰਨਿੰਗ ਦੀ ਪ੍ਰਾਪਤੀ ਲਈ ਸਮੂਹ ਅਧਿਕਾਰੀਆਂ, ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਅਤੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਹਨਾਂ ਕਰੋਨਾ ਮਹਾਂਮਾਰੀ ਦੇ ਚਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਨੂੰ ਹੋਰ ਵੀ ਅਹਿਮ ਦੱਸਿਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਬਣਾਉਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।ਇਸ ਸਮੇਂ ਕਿਸਾਨ ਯੂਨੀਅਨ ਦੇ ਨੁਮਾਇਦਿਆਂ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸੁਝਾਅ ਲਏ ਗਏ। ਉਹਨਾਂ ਕਿਹਾ ਕਿ ਜਿਲ੍ਹੇ ਵਿਚ ਰੀਪਰ ਚਲਾਉਣ ਤੇ ਪੂਰਨ ਪਾਬੰਦੀ ਲਗਾਈ ਜਾ ਰਹੀ ਹੈ ਅਤੇ ਜੇਕਰ ਕਿਸੇ ਕਿਸਾਨ ਨੇ ਗੱਠਾਂ ਬਨਵਾਉਣੀਆਂ ਹਨ ਤਾਂ ਉਹ ਸਿਰਫ ਮਨਜੂਰੀ ਲੈਣ ਉਪਰੰਤ ਹੀ ਰੀਪਰ ਦਾ ਇਸਤੇਮਾਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ/ਕਰਮਚਾਰੀ, ਐਨ.ਆਰ.ਆਈ, ਸਰਪੰਚ, ਪੰਚ, ਨੰਬਰਦਾਰ, ਕੰਬਾਈਨ ਮਾਲਕ, ਐਮ.ਐਲ.ਏਜ਼, ਡੇਅਰੀ ਸੈਟਰਾਂ ਦੇ ਮਾਲਕ, ਲਾਇਸੰਸ ਹੋਲਡਰ, ਆੜ੍ਹਤੀਏ, ਕੋਆਪ੍ਰੇਟਿਵ ਸੁਸਾਇਟੀਜ਼ ਦੇ ਕਰਮਚਾਰੀ ਅਤੇ ਮੋਬਰ ਆਦਿ ਸਾਰੇ ਇਹ ਗੱਲ ਯਕੀਨੀ ਬਨਾਉਣਗੇ ਕਿ ਉਨ੍ਹਾਂ ਦੇ ਜ਼ਮੀਨ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਸ ਸਬੰਧੀ ਜ਼ਿਲ੍ਹਾ ਪੱਧਰ ਤੇ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨਾਲ ਨਿੱਜੀ ਤਾਲਮੇਲ, ਇਸ਼ਤਿਹਾਰਾਂ ਰਾਹੀ, ਪ੍ਰਚਾਰ ਵੈਨਾਂ ਰਾਹੀ, ਫਲੈਕਸ ਬੋਰਡ ਅਤੇ ਹੋਰ ਜਾਣਕਾਰੀ ਦੇ ਸਾਧਨਾ ਰਾਹੀ ਕਿਸਾਨਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ। ਪੰਚਾਇਤ ਵਿਭਾਗ ਪਿੰਡਾਂ ਦੇ ਸਰਪੰਚ ਅਤੇ ਗ੍ਰਾਮ ਪੰਚਾਇਤਾਂ ਨੂੰ ਇਨ੍ਹਾਂ ਹੁਕਮਾਂ ਨੂੰ ਮੰਨਣ ਲਈ ਪਾਬੰਦ ਹੋਵੇਗਾ। ਇਸ ਸਮੇਂ ਬਲਵੰਤ ਸਿੰਘ ਬ੍ਰਹਮਕੇ ਅਤੇ ਸ. ਨਿਰਮਲ ਸਿੰਘ ਮਾਣੂਕੇ ਨੇ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਜਿਨਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ, ਮੋਗਾ ਨੇ ਭਰੋਸਾ ਦਿਵਾਇਆ। ਇਸ ਸਮੇ ਸਮੂਹ ਕਿਸਾਨ ਜੱਥੇਬੰਦੀਆਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਵਾਤਾਵਰਨ ਅਤੇ ਪਾਣੀ ਬਚਾਉਣ ਲਈ ਉਹ ਪ੍ਰਸ਼ਾਸਨ ਦਾ ਸਹਿਯੋਗ ਦੇਣਗੇ ਅਤੇ ਕਿਸਾਨਾਂ ਨੂੰ ਵੀ ਇਸ ਸਬੰਧੀ ਜਾਗ੍ਰਿਤ ਕਰਨਗੇ। ਇਸ ਮੀਟਿੰਗ ਵਿਚ ਸਮੂਹ ਐਸ.ਡੀ.ਐਮ, ਡਾ: ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ, ਡਾ: ਜਸਵਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ, ਡਾ: ਰਾਮ ਸਿੰਘ ਖੇਤੀਬਾੜੀ ਅਫਸਰ, ਸਦਰ ਮੁਕਾਮ, ਇੰਜਨੀਅਰ ਸਤਿੰਦਰਪਾਲ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਜਿਨ੍ਹਾਂ ਵਿਚ ਬਲਵੰਤ ਸਿੰਘ ਬ੍ਰਹਮਕੇ, ਭੁਪਿੰਦਰ ਸਿੰਘ ਦੌਲਤਪੁਰਾ. ਰਾਜਿੰਦਰ ਸਿੰਘ ਮਸੀਤਾਂ, ਮੰਦਰਜੀਤ ਸਿੰਘ ਮਨਾਵਾਂ, ਲਾਭ ਸਿੰਘ ਮਾਣੂਕੇ, ਜਸਵੀਰ ਸਿੰਘ ਮੰਦਰ, ਸੁਰਜੀਤ ਸਿੰਘ ਫਤਿਹਗੜ੍ਹ ਕੋਰੋਟਾਣਾ, ਸੁਖਮੰਦਰ ਸਿੰਘ ਫਤਿਹਗੜ੍ਹ ਕੋਰੋਟਾਣਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਨਾਲ ਸੰਬਧਿਤ ਵਿਭਾਗਾਂ ਦੇ ਮੁਖੀਆਂ ਨੇ ਭਾਗ ਲਿਆ।