ਮੋਗਾ 24 ਅਕਤੂਬਰ ( ਮਿੰਟੂ ਖੁਰਮੀ) ਜ਼ਿਲ੍ਹਾ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਗਉਣ ਵਾਲੇ ਜ਼ਮੀਨ ਮਾਲਕਾਂ ਦੇ ਮਾਲ ਵਿਭਾਗ ਰਿਕਾਰਡ ‘ਚ ਰੈਡ ਐਟਰੀ ਕੀਤੀ ਜਾਵੇਗੀ, ਜਿਸ ਨਾਲ ਉਹ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਦੇ ਲਾਭਾਂ ਤੋ ਵਾਂਝੇ ਰਹਿਣਗੇ। ਇਹ ਹਦਾਇਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਪਰਾਲੀ ਨੂੰ ਨਾ ਸਾੜ ਕੇ ਉਸਦੇ ਸੁਚੱਜੇ ਪ੍ਰਬੰਧਨ ਕਰਨ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਅੰਦਰ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਸੈਟੇਲਾਈਟ ਰਾਹੀ ਨਜ਼ਰਸਾਨੀ ਰੱਖੀ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਦਾ ਧਿਆਨ ਵਿੱਚ ਆਉਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਖੇਤੀਬਾੜੀ ਵਿਭਾਗ ਦੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਖੇਤੀਬਾੜੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕੰਬਾਇਨਾਂ ਦੇ ਨਾਲ ਸੁਪਰ ਸਟਰਾਅ ਮੈਨੇਜਮੈਟ ਸਿਸਟਮ (ਐਸ.ਐਮ.ਐਸ.) ਦੀ ਵਰਤੋ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਐਸ.ਐਮ.ਐਸ. ਤੋ ਬਿਨ੍ਹਾਂ ਚੱਲਣ ਵਾਲੀਆਂ ਕੰਬਾਇਨਾਂ ਤੁਰੰਤ ਜਬਤ ਕੀਤੀਆਂ ਜਾਣ ਅਤੇ ਕੰਬਾਇਨ ਮਾਲਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸਾਸਨ ਵੱਲੋ ਜ਼ਿਲਾ ਦੀ ਹਦੂਦ ਅੰਦਰ ਬਿਨਾ ਮਨਜੂਰੀ ਤੋ ਪੈਡੀ ਸਟਰਾਅ ਰੀਪਰ ਚਲਾਉਣ ‘ਤੇ ਪਹਿਲਾਂ ਹੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜ਼ਮੀਨ ਮਾਲਕ ਬਿਨ੍ਹਾਂ ਮਨਜੂਰੀ ਤੋ ਪੈਡੀ ਸਟਰਾਅ ਰੀਪਰ ਦੀ ਵਰਤੋ ਕਰਦਾ ਪਾਇਆ ਜਾਂਦਾ ਹੈ ਤਾਂ ਰੀਪਰ ਚਲਾਉਣ ਵਾਲੇ ਕਿਸਾਨ ਅਤੇ ਰੀਪਰ ਦੇ ਮਾਲਕ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੀਟਿੰਗ ਵਿੱਚ ਤਹਿਸੀਲਦਾਰ ਮੋਗਾ ਲਕਸ਼ੇ ਕੁਮਾਰ, ਖੇਤੀਬਾੜੀ ਅਫ਼ਸਰ ਡਾ. ਕੁਲਦੀਪ ਸਿੰਘ ਬੁੱਟਰ, ਖੇਤੀਬਾੜੀ ਅਫ਼ਸਰ ਹਰਨੇਕ ਸਿੰਘ ਰੋਡੇ, ਖੇਤੀਬਾੜੀ ਵਿਕਾਸ ਅਫ਼ਸਰ ਜਤਿੰਦਰ ਸਿੰਘ ਅਤੇ ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।