ਮੋਗਾ, 3 ਸਤੰਬਰ (ਜਗਰਾਜ ਸਿੰਘ ਗਿੱਲ)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹਾਂਸ ਫੇਸਬੁੱਕ ਲਾਈਵ ਜਰੀਏ ਮੋਗਾ ਵਾਸੀਆਂ ਦੇ ਰੁਬਰੂ ਹੋਏ। ਫੇਸਬੁੱਕ ਲਾਈਵ ਜਰੀਏ ਸ੍ਰੀ ਸੰਦੀਪ ਹੰਸ ਨੇ ਜਿੱਥੇ ਲੋਕਾਂ ਨੂੰ ਕੋਵਿਡ-19 ਦੇ ਤਾਜ਼ਾ ਹਾਲਾਤਾਂ ਅਤੇ ਜ਼ਿਲ੍ਹੇ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਆਦਿ ਬਾਰੇ ਵਿਸਥਾਰਪੂਰਵਕ ਦੱਸਿਆ ਉੱਥੇ ਮੋਗਾ ਵਾਸੀਆਂ ਦੇ ਲਾਈਵ ਅਧੀਨ ਕਮੈਟ ਬਾਕਸ ਵਿਚਲੇ ਸੁਆਲਾਂ ਦੇ ਜੁਆਬ ਵੀ ਦਿੱਤੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂਠੀਆਂ ਅਫ਼ਵਾਹਾਂ ਵਿੱਚ ਵਿਸ਼ਵਾਸ਼ ਨਾ ਕਰਨ, ਅਜਿਹੀਆਂ ਅਫ਼ਵਾਹਾਂ ਵਿੱਚ ਆ ਕੇ ਕੋਵਿਡ-19 ਸਬੰਧੀ ਟੈਸਟ ਨਾ ਕਰਵਾਉਣਾ ਇੱਕ ਬਹੁਤ ਵੱਡੀ ਨਾ ਸਮਝੀ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕੁਝ ਨਾ-ਸਮਝ ਲੋਕ ਗੁੰਮਰਾਹਕੁੰਨ ਪ੍ਰਚਾਰ ਤੋ ਪ੍ਰਭਾਵਿਤ ਹੋ ਕੇ ਸੈਪਲਿੰਗ ਕਰਵਾਉਣ ਤੋ ਮਨ੍ਹਾਂ ਕਰ ਰਹੇ ਹਨ, ਜਿਸ ਨਾਲ ਜਿੱਥੇ ਉਹ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ, ਉੱਥੇ ਹੀ ਆਪਣੇ ਪਰਿਵਾਰ ਅਤੇ ਆਸੇ ਪਾਸੇ ਦੇ ਲੋਕਾਂ ਲਈ ਵੀ ਖਤਰੇ ਦੀ ਦਾਅਵਤ ਦੇ ਰਹੇ ਹਨ।
ਸ੍ਰੀ ਹਾਂਸ ਨੇ ਕਿਹਾ ਕਿ ਇਹ ਬਿਮਾਰੀ ਪੂਰੀ ਤਰ੍ਹਾਂ ਸਾਵਧਾਨੀਆਂ ਵਰਤਣ ਦੇ ਨਾਲ ਖਤਮ ਕੀਤੀ ਜਾ ਸਕਦੀ ਹੈ, ਪਰ ਜਿਆਦਾਤਰ ਲੋਕ ਇਸ ਬਿਮਾਰੀ ਵਿੱਚ ਪੂਰੀ ਤਰ੍ਹਾਂ ਗ੍ਰਸਤ ਹੋਣ ਤੋ ਬਾਅਦ ਸਾਹਮਣੇ ਆਉਦੇ ਹਨ, ਜਿਸ ਨਾਲ ਉਨ੍ਹਾਂ ਦੇ ਇਲਾਜ ਵਿੱਚ ਵੀ ਕਠਿਨਾਈ ਆਉਦੀ ਹੈ। ਅਜਿਹੇ ਮਾਮਲਿਆਂ ਵਿੱਚ ਹੀ ਕਈ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੱਛਣ ਆਉਣ ਤੇ ਲੋਕ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਤਾਂ ਅਜਿਹੇ ਰੋਗ ਤੋ ਪੂਰੀ ਤਰ੍ਹਾਂ ਠੀਕ ਹੋਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵਿਡ19 ਦੇ ਅਨਲਾਕ-4 ਦੀਆਂ ਹਦਾਇਤਾਂ ਤਹਿਤ ਪੰਜਾਬ ਦੇ ਸ਼ਹਿਰਾਂ ਵਿੱਚ ਵੀਕਐਡ ਲਾਕਡਾਊਨ ਦਾ ਐਲਾਨ ਕੀਤਾ ਹੈ ਅਤੇ ਕਰਫਿਊ ਦੇ ਸਮੇ ਵਿੱਚ ਵੀ ਸ਼ਾਮੀ 7 ਵਜੇ ਤੋ ਸਵੇਰੇ 5 ਵਜੇ ਤੱਕ ਦੀ ਤਬਦੀਲੀ ਕੀਤੀ ਹੈ। ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਬਿਠਾਉਣ ਦੀਆਂ ਹਦਾਇਤਾਂ ਵੀ ਟਰਾਂਸਪੋਰਟ ਵਿਭਾਗ ਵੱਲੋ ਜਾਰੀ ਕਰ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਿਆਨਾ ਸਟੋਰਾਂ ਨੂੰ ਜਰੂਰੀ ਵਸਤਾਂ ਅਤੇ ਸੇਵਾਵਾਂ ਤਹਿਤ ਖੋਲ੍ਹਣ ਦੀ ਆਗਿਆ ਹੈ। ਗਰਾਮ ਪੰਚਾਇਤਾਂ ਦੀਆਂ ਦੁਕਾਨਾ ਇਨ੍ਹਾਂ ਹੁਕਮਾਂ ਵਿੱਚ ਕਵਰ ਨਹੀ ਹੁੰਦੀਆਂ ਇਸ ਲਈ ਇਨ੍ਹਾਂ ਨੂੰ ਵੀਕਐਡ ਲਾਕਡਾਊਨ ਵਿੱਚ ਖੋਲ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਵਿੱਚ ਵੀਕਐਡ ਲਾਕਡਊਨ ਲਗਾਇਆ ਹੈ ਪਿੰਡ ਦੀਆਂ ਦੁਕਾਨਾਂ ਉੱਪਰ ਇਸਦਾ ਕੋਈ ਅਫੈਕਟ ਨਹੀ ਹੈ।
ਲਾਈਵ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀ ਅਰਦਾਸ ਕਰਦੇ ਹਾਂ ਕਿ ਪੰਜਾਬ ਛੇਤੀ ਹੀ ਇਸ ਔਖੀ ਘੜੀ ਵਿੱਚੋ ਨਿਕਲੇਗਾ ਹਾਲ ਦੀ ਘੜੀ ਵਿੱਚ ਜਿਹੜੀਆਂ ਵੀ ਸਖਤੀਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਕੀਤੀਆਂ ਜਾ ਰਹੀਆਂ ਹਨ ਉਹ ਸਾਰਿਆਂ ਦੀ ਭਲਾਈ ਲਈ ਹੀ ਕੀਤੀਆਂ ਜਾ ਰਹੀਆਂ ਹਨ। ਸਾਨੂੰ ਸਾਰਿਆਂ ਨੂੰੰ ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਛੇਤੀ ਅਸੀ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਕਾਮਯਾਬ ਬਣਾ ਸਕੀਏ। ਇਹ ਸਿਰਫ ਤੇ ਸਿਰਫ ਸਾਡੇ ਸਾਰਿਆਂ ਦੇ ਸਾਂਝੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਦਾ ਹੈ।ਫੇਸਬੁੱਕ ਲਾਈਵ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਸਿਹਤ ਮਾਹਿਰ ਅਤੇ ਮਨੋਵਿਗਿਆਨ ਮਾਹਿਰ ਵੀ ਹਾਜ਼ਰ ਸਨ, ਜਿੰਨ੍ਹਾਂ ਨੇ ਲੋਕਾਂ ਦੇ ਸਿਹਤ ਨਾਲ ਸਬੰਧਤ ਸੁਆਲਾਂ ਦੇ ਜੁਆਬ ਦਿੱਤੇ।