ਮੋਗਾ, 11 ਸਤੰਬਰ (ਜਗਰਾਜ ਸਿੰਘ ਗਿੱਲ)
ਜਿਲ੍ਹਾ ਮੋਗਾ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਤਹਿਤ ਰਜਿਸਟਰਡ ਪਰਿਵਾਰਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਰਾਸ਼ਨ ਪਹੁੰਚਾਉਣ ਦੇ ਉਦੇਸ਼ ਨਾਲ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਮਿਤੀ 12 ਸਤੰਬਰ ਤੋਂ ਕੀਤੀ ਜਾ ਰਹੀ ਹੈ, ਇਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਵੇਰੇ 11:30 ਵਜੇ ਕੀਤਾ ਜਾ ਰਿਹਾ ਹੈ। ਸਮਾਗਮ ਦੌਰਾਨ ਵਿਧਾਇਕ ਮੋਗਾ ਸ੍ਰੀ ਹਰਜੋਤ ਕਮਲ ਅਤੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਜਿਲ੍ਹੇ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਨਾਲ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸ ਰਾਹੀਂ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ ਕਰਨਗੇ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਦੀ ਵਰਤੋਂ ਕਰਕੇ ਲਾਭਪਾਤਰੀ ਬਿਨਾਂ ਕੋਈ ਵਾਧੂ ਦਸਤਾਵੇਜ਼ ਦੇ ਈ-ਪੋਸ ਮਸ਼ੀਨ ਰਾਹੀਂ ਡਿਪੂਆਂ (ਐੱਫ ਪੀ ਐਸ) ਤੋਂ ਅਨਾਜ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ ਤਹਿਤ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰੀ ਸਮਾਗਮ ਤੋਂ ਇਲਾਵਾ ਵਿਧਾਇਕ ਅਤੇ ਐਸ.ਡੀ.ਐਮਜ਼ ਬਾਕੀ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ-ਆਪਣੇ ਹਲਕਿਆਂ ਦੇ ਲਾਭਪਾਤਰੀਆਂ ਨੂੰ ਕਾਰਡ ਵੰਡ ਕੇ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ।