– ਡਿਪਟੀ ਕਮਿਸ਼ਨਰ ਵੱਲੋਂ 100 ਕਰੋੜ ਪੌਦੇ ਲਗਾਉਣ ਦੇ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ
ਮੋਗਾ, 16 ਜੂਨ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਮੋਗਾ ਵਿੱਚ ਇਸ ਮੌਨਸੂਨ ਸੀਜ਼ਨ ਦੇ ਮੁੱਢਲੇ ਗੇੜ੍ਹ ਦੌਰਾਨ 3 ਲੱਖ 19 ਹਜ਼ਾਰ 334 ਪੌਦੇ ਲਗਾਉਣ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਢੁੱਕਵੇਂ ਰਕਬਿਆਂ ਦੀ ਸ਼ਨਾਖਤ ਕਰ ਲਈ ਗਈ ਹੈ। ਇਸ ਕੰਮ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਨੂੰ ਹਰਾ ਭਰਾ ਅਤੇ ਸਾਫ਼ ਸੁਥਰਾ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਵੀ ਇਸ ਨਾਲ ਬਲ ਮਿਲੇਗਾ।
ਦੱਸਣਯੋਗ ਹੈ ਕਿ ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ ਦੀ ਅਗਵਾਈ ਵਿੱਚ ਜਿਲ੍ਹਾ ਮੋਗਾ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਬਲ ਦਿੰਦਿਆਂ ਕੇਂਦਰੀ ਨੀਤੀ ਆਯੋਗ ਨੇ ਜ਼ਿਲ੍ਹਾ ਮੋਗਾ ਦੀ ਦੇਸ਼ ਦੇ ਉਹਨਾਂ ਦੋ ਜਿਲ੍ਹਿਆਂ ਵਿੱਚ ਚੋਣ ਕੀਤੀ ਹੈ, ਜਿੱਥੇ ਕਿ 100 ਕਰੋੜ ਪੌਦੇ ਲਗਾਉਣ ਦਾ ਪਾਇਲਟ ਪ੍ਰੋਜੈਕਟ ਸੁਰੂ ਕੀਤਾ ਜਾਣਾ ਹੈ। ਦੂਜਾ ਜਿਲ੍ਹਾ ਝਾਰਖੰਡ ਦਾ ਰਾਂਚੀ ਹੋਵੇਗਾ। ਕੇਂਦਰੀ ਨੀਤੀ ਆਯੋਗ ਵੱਲੋਂ ਬੀਤੇ ਦਿਨੀਂ ਲੰਘੇ ਵਿਸਵ ਵਾਤਾਵਰਨ ਦਿਵਸ ਦਾ ਜਿਲ੍ਹਾ ਮੋਗਾ ਨੂੰ ਇਹ ਵੱਡਾ ਤੋਹਫਾ ਹੈ। ਇਹ 100 ਕਰੋੜ ਪੌਦੇ ਦੇਸ ਦੇ 112 ਉਤਸਾਹੀ ਜਿਲ੍ਹਿਆਂ ਵਿੱਚ ਵੰਡ ਕੇ ਲਗਾਏ ਜਾਣਗੇ।
ਨੀਤੀ ਆਯੋਗ ਤਹਿਤ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਦੇ ਕੰਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਸਮੂਹ ਉਪ ਮੰਡਲ ਮੈਜਿਸਟ੍ਰੇਟਸ ਦੀ ਹਾਜ਼ਰੀ ਵਿੱਚ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ਼) ਸ੍ਰੀਮਤੀ ਅਨੀਤਾ ਦਰਸ਼ੀ ਅਤੇ ਬਾਬਾ ਗੁਰਮੀਤ ਸਿੰਘ ਵੀ ਹਾਜ਼ਰ ਹੋਏ।
ਮੀਟਿੰਗ ਵਿੱਚ ਜੂਨ, ਜੁਲਾਈ ਅਤੇ ਅਗਸਤ 2021 ਵਿੱਚ ਜ਼ਿਲ੍ਹੇ ਵਿੱਚ ਢੁਕਵੀਆਂ ਥਾਵਾਂ ਤੇ ਲਗਾਏ ਜਾਣ ਵਾਲੇ ਪੌਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਇਸ ਕੰਮ ਨੂੰ ਐਕਸ਼ਨ ਪਲਾਨ ਬਣਾ ਕੇ ਸ਼ੁਰੂ ਕਰਨ ਦੀ ਹਦਾਇਤ ਕੀਤੀ ਤਾਂ ਕਿ ਇਸ ਕੰਮ ਨੂੰ ਜਲਦੀ ਅਤੇ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 3 ਲੱਖ 19 ਹਜ਼ਾਰ 334 ਪੌਦੇ ਲਗਾਉਣ ਲਈ ਰਕਬਿਆਂ ਦੀ ਚੋਣ ਕੀਤੀ ਜਾ ਚੁੱਕੀ ਹੈ। ਸ਼੍ਰੀ ਹੰਸ ਨੇ ਕਿਹਾ ਕਿ ਇਸ ਕੰਮ ਵਿੱਚ ਜ਼ਿਲ੍ਹਾ ਮੋਗਾ ਦੇ ਅਗਾਂਹਵਧੂ ਕਿਸਾਨਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ।
ਢੁੱਕਵੀਂ ਜਗ੍ਹਾ ਦੀ ਭਾਲ ਲਈ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਮੰਡੀ ਅਫਸਰ, ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਐਕਸੀਅਨ, ਪੰਚਾਇਤੀ ਰਾਜ ਐਕਸੀਅਨ, ਮੁੱਖ ਖੇਤੀਬਾੜੀ ਅਫਸਰ, ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ ਅਤੇ ਪ੍ਰਾਇਮਰੀ), ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਉਪ ਮੰਡਲ ਭੂਮੀ ਰੱਖਿਆ ਅਫਸਰ ਅਤੇ ਚਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਏਨੀਂ ਵੱਡੀ ਗਿਣਤੀ ਵਿੱਚ ਇਹ ਪੌਦੇ ਲਗਾਉਣ ਲਈ ਘੱਟੋ ਘੱਟ ਪੰਜ ਸਾਲ ਲੱਗਣਗੇ। ਉਮੀਦ ਹੈ ਕਿ ਅਨੁਪਾਤ ਮੁਤਾਬਿਕ ਇਸ ਸਾਲ ਦੇ ਪੌਦੇ ਲਗਾਉਣ ਦਾ ਕੰਮ ਇਸ ਮੌਨਸੂਨ ਸੀਜਨ ਵਿਚ ਮੁਕੰਮਲ ਕਰਵਾ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਨੀਤੀ ਆਯੋਗ ਉਤਸਾਹੀ ਜਿਲ੍ਹਿਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਖੇਤਰਾਂ ਵਿੱਚ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲੈ ਰਿਹਾ ਹੈ। ਇਸੇ ਕਰਕੇ ਹੀ ਵਰਲਡ ਇਕਨੋਮਿਕ ਫੋਰਮ ਦੇ ਉਪਰਾਲੇ ਵਜੋਂ ਭਾਰਤ ਵਿੱਚ ਲਗਾਏ ਜਾਣ ਵਾਲੇ ਇਹਨਾਂ 100 ਕਰੋੜ ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਨੇ ਨਵੀ ਮੁੰਬਈ ਹੱਬ ਆਫ ਗਲੋਬਲ ਸੇਪਰਜ ਕਮਿਊਨਿਟੀ ਨਾਲ ਸਮਝੌਤਾ ਕੀਤਾ ਹੈ। ਇਸ ਸੰਸਥਾ ਵੱਲੋਂ ਇਸ ਪਾਇਲਟ ਪ੍ਰੋਜੈਕਟ ਨੂੰ ਪੰਜਾਬ ਦੇ ਜਿਲ੍ਹਾ ਮੋਗਾ ਅਤੇ ਝਾਰਖੰਡ ਦੇ ਜਿਲ੍ਹਾ ਰਾਂਚੀ ਵਿੱਚ ਸੁਰੂ ਕਰਨ ਦਾ ਫੈਸਲਾ ਕੀਤਾ ਹੈ। ਆਸ ਮੁਤਾਬਿਕ ਨਤੀਜੇ ਮਿਲਣ ਉੱਤੇ ਇਸ ਪ੍ਰੋਜੈਕਟ ਨੂੰ ਸਾਰੇ 112 ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ।
ਸ੍ਰੀ ਹੰਸ ਨੇ ਦੱਸਿਆ ਕਿ ਇਸ ਸਾਰੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਵਣ ਰੇਂਜ ਅਫਸਰ ਮੋਗਾ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ। ਇਸ ਕਾਰਜ ਨੂੰ ਆਮ ਲੋਕਾਂ ਅਤੇ ਵੱਖ ਵੱਖ ਧਿਰਾਂ ਦੇ ਸਹਿਯੋਗ ਨਾਲ ਇਕ ਮੁਹਿੰਮ ਚਲਾ ਕੇ ਪੂਰਾ ਕੀਤਾ ਜਾਵੇਗਾ। ਲਗਾਏ ਜਾਣ ਵਾਲੇ ਪੌਦੇ ਰਵਾਇਤੀ/ਫਲਦਾਰ ਹੋਣਗੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਪੌਦੇ ਇਸ ਜਗ੍ਹਾ ਲਗਾਏ ਜਾਣ ਜਿਥੇ ਪਾਣੀ, ਸੁਰੱਖਿਆ ਅਤੇ ਫੈਂਸਿੰਗ ਦਾ ਪੁਖਤਾ ਪ੍ਰਬੰਧ ਹੋਵੇਗਾ। ਸ੍ਰੀ ਹੰਸ ਇਸ ਮੁਹਿੰਮ ਨੂੰ ਸਫਲ ਕਰਨ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।