ਪਹਿਲੇ ਗੇੜ ਤਹਿਤ ਗਰਾਮ ਪੰਚਾਇਤਾਂ ਦਾਰਾਪੁਰ, ਮਹੇਸ਼ਰੀ, ਤਖ਼ਤੂਪੁਰਾ ਵਿੱਚ ਇਸ ਪ੍ਰੋਜੈਕਟ ਤਹਿਤ ਸੁਚੱਜੇ ਢੰਗ ਨਾਲ ਹੋ ਰਿਹਾ ਹੈ ਕੂੜਾ ਕਰਕਟ ਦਾ ਨਿਪਟਾਰਾ
ਗਰਾਮ ਪੰਚਾਇਤ ਤਲਵੰਡੀ ਭੰਗੇਰੀਆਂ, ਡਗਰੂ, ਬੀੜ-ਰਾਊਕੇ, ਕਾਲੇਕੇ, ਲੋਹਗੜ ਵਿੱਚ ਬਹੁਤ ਜਲਦੀ ਹੋਣਗੇ ਪ੍ਰੋਜੈਕਟ ਮੁਕੰਮਲ
ਮੋਗਾ, 3 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਗਜੀਤ ਸਿੰਘ ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਸ਼ਹਿਰਾਂ ਵਿੱਚ ਸਾਲਿਡ ਵੇਸਟ ਮੈਨੇਜਮੈਟ ਤਹਿਤ ਕੂੜੇ ਕਰਕਟ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ ਉੱਥੇ ਹੁਣ ਪਿੰਡ ਪੱਧਰ ਉੱਤੇ ਵੀ ਇਸ ਸਕੀਮ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੁਆਰਾ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਪਿੰਡਾਂ ਦੇ ਘਰਾਂ ਦੇ ਸੋਲਿਡ ਵੇਸਟ ਨੂੰ ਸਾਂਭਣ ਲਈ ਸੋਲਿਡ ਵੇਸਟ ਮੈਨੇਜਮੈਟ ਤਹਿਤ ਪ੍ਰੋਜੈਕਟ ਲਗਾਏ ਜਾ ਰਹੇ ਹਨ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸੋਲਿਡ ਵੇਸਟ ਮੈਨੇਜਮੈਟ ਦੇ ਪਹਿਲੇ ਗੇੜ ਤੋ ਬਾਅਦ ਹੁਣ ਦੂਜੇ ਗੇੜ ਤਹਿਤ ਹਰ ਬਲਾਕ ਦੀ ਇੱਕ ਗਰਾਮ ਪੰਚਾਇਤ ਵਿੱਚ ਇਹ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ। ਜਿਲ੍ਹਾ ਮੋਗਾ ਵੱਲੋਂ ਬਲਾਕ ਮੋਗਾ-1 ਦੀ ਗਰਾਮ ਪੰਚਾਇਤ ਤਲਵੰਡੀ ਭੰਗੇਰੀਆਂ, ਬਲਾਕ ਮੋਗਾ-2 ਦੀ ਗਰਾਮ ਪੰਚਾਇਤ ਡਗਰੂ, ਬਲਾਕ ਨਿਹਾਲ ਸਿੰਘ ਵਾਲਾ ਦੀ ਗਰਾਮ ਪੰਚਾਇਤ ਬੀੜ-ਰਾਊਕੇ, ਬਲਾਕ ਬਾਘਾਪੁਰਾਣਾ ਦੀ ਗਰਾਮ ਪੰਚਾਇਤ ਕਾਲੇਕੇ ਅਤੇ ਬਲਾਕ ਕੋਟ ਈਸੇ ਖਾਂ ਦੀ ਗਰਾਮ ਪੰਚਾਇਤ ਲੋਹਗੜ ਦੀ ਚੋਣ ਕੀਤੀ ਗਈ ਹੈ। ਇਹ ਪ੍ਰੋਜੈਕਟ ਜਲਦੀ ਇਨ੍ਹਾਂ ਪਿੰਡਾਂ ਵਿੱਚ ਮੁਕੰਮਲ ਕੀਤੇ ਜਾ ਰਹੇ ਹਨ। ਇਹ ਪ੍ਰੋਜੈਕਟ ਮੁਕੰਮਲ ਹੋਣ ਨਾਲ ਇਨ੍ਹਾਂ ਪਿੰਡਾਂ ਵਿੱਚ ਵੀ ਕੂੜਾ-ਕਰਕਟ (ਸੋਲਿਡ) ਦਾ ਪੱਕੇ ਤੋਰ ਤੇ ਹੱਲ ਕੀਤਾ ਜਾਵੇਗਾ।
ਸ੍ਰੀ ਬੱਲ ਨੇ ਦੱਸਿਆ ਕਿ ਸੋਲਿਡ ਵੇਸਟ ਪ੍ਰੋਜੈਕਟ (ਫੇਜ਼-1) ਤਹਿਤ ਜਿਲ੍ਹਾ ਮੋਗਾ ਦੇ ਬਲਾਕ ਮੋਗਾ-2 ਦੀਆਂ ਗਰਾਮ ਪੰਚਾਇਤਾਂ ਦਾਰਾਪੁਰ ਅਤੇ ਮਹੇਸ਼ਰੀ ਵਿੱਚ ਅਤੇ ਬਲਾਕ ਨਿਹਾਲ ਸਿੰਘ ਵਾਲਾ ਦੀ ਗਰਾਮ ਪੰਚਾਇਤ ਤਖ਼ਤੂਪੁਰਾ ਵਿੱਚ ਸੋਲਿਡ ਵੇਸਟ ਮੈਨੇਜਮੈਟ ਪ੍ਰੋਜੈਕਟ ਲਗਾਏ ਗਏ ਹਨ, ਜਿੱਥੇ ਪਿੰਡਾਂ ਵਿਚਲੇ ਸਾਲਿਡ ਕੂੜਾ ਕਰਕਟ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀ ਇਸ ਪ੍ਰੋਜੇੈਕਟ ਤੋ ਬਹੁਤ ਖੁਸ਼ ਹਨ ਕਿਉਕਿ ਉਨ੍ਹਾਂ ਦੇ ਕੂੜਾ ਕਰਕਟ ਦਾ ਨਿਪਟਾਰਾ ਬੜੇ ਸੁਚੱਜੇ ਢੰਗ ਨਾਲ ਹੋ ਰਿਹਾ ਹੈ।
ਇਸ ਦੌਰਾਨ ਬਲਾਕ ਮੋਗਾ-2 ਦੀ ਗਰਾਮ ਪੰਚਾਇਤ ਦਾਰਾਪੁਰ ਅਤੇ ਮਹੇਸ਼ਰੀ ਵੱਲੋਂ ਮਗਨਰੇਗਾ ਸਕੀਮ ਤਹਿਤ ਪੰਚਾਇਤਾਂ ਵਿੱਚ ਕੁੱਲ 7.5 ਲੱਖ ਰੁਪਏ ਦਾ ਕੰਮ ਕਰਵਾਇਆ ਗਿਆ ਅਤੇ ਮਜ਼ਦੂਰਾਂ ਨੂੰ 50 ਦਿਹਾੜੀਆਂ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਬਲਾਕ ਨਿਹਾਲ ਸਿੰਘ ਵਾਲਾ ਦੀ ਗਰਾਮ ਪੰਚਾਇਤ ਤਖ਼ਤੂਪੁਰਾ ਵਿੱਚ ਇਸ ਪ੍ਰੋਜੈਕਟ ਤੇ 66000 ਰੁਪਏ ਖਰਚ ਕੀਤੇ ਗਏ ਅਤੇ ਮਜ਼ਦੂਰਾਂ ਨੂੰ 12 ਦਿਹਾੜੀਆਂ ਦੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਗਿਆ। ਉਕਤ ਪ੍ਰੋਜ਼ੈਕਟ ਲੱਗਣ ਨਾਲ ਇਨ੍ਹਾਂ ਪਿੰਡਾਂ ਦਾ ਕੂੜਾ-ਕਰਕਟ ਅਤੇ ਗੰਦਗੀ (ਸੋਲਿਡ) ਤੋ ਗਰਾਮ ਪੰਚਾਇਤਾਂ ਨੂੰ ਕਾਫੀ ਹੱਦ ਤੱਕ ਨਿਜ਼ਾਤ ਪ੍ਰਾਪਤ ਹੋਈ ਹੈ।
ਇਸ ਮੌਕੇ ਪਿੰਡ ਮਹੇਸ਼ਰੀ ਦਾ ਦੌਰਾ ਕਰਨ ਉੱਤੇ ਪਿੰਡ ਵਾਸੀਆਂ ਨੌਜਵਾਨ ਸ਼ਮਸ਼ੇਰ ਸਿੰਘ, ਜਸਵੰਤ ਸਿੰਘ, ਚਮਕੌਰ ਸਿੰਘ ਅਤੇ ਸਤਨਾਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਬਣਨ ਨਾਲ ਸਾਡੇ ਪਿੰਡ ਦੀ ਨੁਹਾਰ ਹੀ ਬਦਲ ਗਈ ਹੈ। ਪਹਿਲਾਂ ਕੂੜਾ ਕਰਕਟ ਸਾਡੇ ਘਰਾਂ ਅਤੇ ਗਲੀਆਂ ਵਿੱਚ ਖਿਲਰਿਆ ਰਹਿੰਦਾ ਸੀ ਪਰ ਹੁਣ ਸਵੇਰੇ ਹੀ ਇਹ ਘਰਾਂ ਤੋਂ ਚੁੱਕਿਆ ਜਾਂਦਾ ਹੈ। ਪਿੰਡ ਵਿੱਚ ਸਫਾਈ ਰਹਿਣ ਲੱਗੀ ਹੈ। ਪਿੰਡ ਵਾਸੀ ਇਸ ਪ੍ਰੋਜੈਕਟ ਤੋਂ ਬਹੁਤ ਖੁਸ਼ ਹਨ।