ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2 ਅਕਤੂਬਰ ਨੂੰ ਕਰਨਗੇ ਯੋਜਨਾ ਦੀ ਸ਼ੁਰੂਆਤ
ਮੋਗਾ, 29 ਸਤੰਬਰ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ) – ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬੇ ਭਰ ਵਿੱਚ 750 ਖੇਡ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਪਿੰਡਾਂ ਵਿੱਚ ਵੀ 25 ਖੇਡ ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾਵੇਗਾ। ਇਹਨਾਂ ਖੇਡ ਸਟੇਡੀਅਮਾਂ ਦੇ ਨਿਰਮਾਣ ਸਬੰਧੀ ਯੋਜਨਾ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਤੀ 2 ਅਕਤੂਬਰ ਤੋਂ ਕੀਤੀ ਜਾ ਰਹੀ ਹੈ। ਪਹਿਲੇ ਗੇੜ ਵਿੱਚ ਸੂਬੇ ਵਿੱਚ 150 ਅਤੇ ਜ਼ਿਲ੍ਹਾ ਮੋਗਾ ਵਿੱਚ 5 ਖੇਡ ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾ ਰਿਹਾਅ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਲਾਂਚਿੰਗ ਸਮਾਰਟ ਫੋਨ ਅਤੇ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਤਰ੍ਹਾਂ ਹੀ ਵੀਡੀਉ ਕਾਨਫਰੰਸਿੰਗ ਜ਼ਰੀਏ ਹੋਵੇਗੀ। ਜਿਹੜੇ ਪਿੰਡਾਂ ਵਿੱਚ ਨਵੇਂ ਖੇਡ ਸਟੇਡੀਅਮਾਂ ਦਾ ਨਿਰਮਾਣ ਕੀਤਾ ਜਾਣਾ ਹੈ, ਉਥੇ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਇਹ ਯੋਜਨਾ ਲਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਬੰਧ ਕੀਤੇ ਜਾਣਗੇ। ਇਹਨਾਂ ਸਮਾਗਮਾਂ ਦੌਰਾਨ ਕੋਵਿੜ 19 ਦੇ ਫੈਲਾਅ ਨੂੰ ਰੋਕਣ ਲਈ ਜਾਰੀ ਸਾਰੀਆਂ ਹਦਾੲਿਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਜਿਹੜੇ ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਮਿਤੀ 2 ਅਕਤੂਬਰ ਨੂੰ ਰੱਖਿਆ ਜਾਣਾ ਹੈ, ਉਹਨਾਂ ਵਿੱਚ ਪਿੰਡ ਜੀਤਾ ਸਿੰਘ ਵਾਲਾ (ਬਲਾਕ ਬਾਘਾਪੁਰਾਣਾ), ਤੋਤਾ ਸਿੰਘ ਵਾਲਾ (ਬਲਾਕ ਕੋਟ ਇਸੇ ਖਾਂ), ਰਾਮੂਵਾਲਾ ਹਰਚੋਕਾ (ਬਲਾਕ ਮੋਗਾ 1), ਖੋਸਾ ਪਾਂਡੋ (ਬਲਾਕ ਮੋਗਾ 2) ਅਤੇ ਰੌਂਤਾ (ਬਲਾਕ ਨਿਹਾਲ ਸਿੰਘ ਵਾਲਾ) ਸ਼ਾਮਿਲ ਹਨ। ਪਿੰਡ ਰਾਮੂਵਾਲਾ ਹਰਚੋਕਾ ਤੇ ਖੋਸਾ ਪਾਂਡੋ ਵਿੱਚ ਇਹ ਸਟੇਡੀਅਮ 4-4 ਏਕੜ ਵਿੱਚ ਜਦਕਿ ਪਿੰਡ ਜੀਤਾ ਸਿੰਘ ਵਾਲਾ, ਤੋਤਾ ਸਿੰਘ ਵਾਲਾ ਅਤੇ ਰੌਂਤਾ ਵਿੱਚ 1-1 ਏਕੜ ਵਿੱਚ ਬਣਨਗੇ। ਇਹਨਾਂ ਖੇਡ ਸਟੇਡੀਅਮਾਂ ਉਤੇ ਕਰੀਬ 57.17 ਲੱਖ ਰੁਪਏ ਦੀ ਲਾਗਤ ਆਵੇਗੀ। ਉਹਨਾਂ ਦੱਸਿਆ ਕਿ ਇਹਨਾਂ ਖੇਡ ਸਟੇਡੀਅਮਾਂ ਦਾ ਕੰਮ ਪਹਿਲਾਂ ਹੀ ਸ਼ੁਰੂ ਕਰਵਾ ਦਿੱਤਾ ਗਿਆ ਸੀ, ਜੌ ਕਿ ਪੂਰੇ ਜੋਰਾਂ ਉਤੇ ਜਾਰੀ ਹੈ।
ਸ਼੍ਰੀ ਹੰਸ ਨੇ ਕਿਹਾ ਕਿ ਇਸ ਯੋਜਨਾ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਜ਼ਿਲ੍ਹਾ ਮੋਗਾ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ, ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਇਹਨਾਂ ਖੇਡ ਸਟੇਡੀਅਮਾਂ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਅਤੇ ਨੌਜਵਾਨਾਂ ਨੂੰ ਕਿਹਾ ਕਿ ਉਹ ਇਹਨਾਂ ਖੇਡ ਸਟੇਡੀਅਮਾਂ ਦਾ ਭਰਪੂਰ ਲਾਹਾ ਲੈਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੁਭਾਸ਼ ਚੰਦਰ ਵੀ ਹਾਜ਼ਰ ਸਨ।