ਮੋਗਾ, 7 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
– ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਹਰੇਕ ਘਰ ਅਤੇ ਹਰੇਕ ਅਦਾਰੇ ਵਿੱਚ ਸਾਫ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਉਪਲਬਧ ਕਰਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਤਹਿਤ ਹੁਣ ਹਰੇਕ ਸਰਕਾਰੀ ਸਕੂਲ ਵਿਚ ਸ਼ੁੱਧ ਪਾਣੀ ਅਤੇ ਪਖਾਨੇ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੋਗਾ ਸ਼੍ਰੀ ਰਾਕੇਸ਼ ਮੱਕੜ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 237 ਅਪਰ ਪ੍ਰਾਇਮਰੀ ਸਕੂਲ ਚੱਲ ਰਹੇ ਹਨ, ਜਿਹਨਾਂ ਵਿੱਚ ਹਜ਼ਾਰਾਂ ਬੱਚੇ ਪੜ੍ਹਾਈ ਕਰਨ ਲਈ ਆਉਂਦੇ ਹਨ। ਇਹਨਾਂ ਸਕੂਲਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਤਕਰੀਬਨ ਹਰੇਕ ਸਕੂਲ ਵਿੱਚ ਇਹ ਸਹੂਲਤ ਉਪਲਬਧ ਹੈ ਜਦਕਿ ਹਰੇਕ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਮੁਤਾਬਿਕ ਪਖਾਨਿਆਂ ਦੀ ਗਿਣਤੀ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਪਖਾਨੇ ਬਣਾਉਣ ਦਾ ਕੰਮ ਜੋਰਾਂ ਉੱਤੇ ਜਾਰੀ ਹੈ।
ਉਹਨਾਂ ਕਿਹਾ ਕਿ ਇਸ ਸਮੇਂ ਸਕੂਲਾਂ ਵਿੱਚ 1388 ਪਖਾਨੇ ਚੱਲ ਰਹੇ ਹਨ ਜਦਕਿ 391 ਪਖਾਨੇ ਹੋਰ ਬਣਾਏ ਜਾ ਰਹੇ ਹਨ। ਜਿਸ ਲਈ ਵਿਭਾਗ ਵੱਲੋਂ 50 ਲੱਖ ਰੁਪਏ ਪਹਿਲਾਂ ਹੀ ਪ੍ਰਾਪਤ ਹੋ ਚੁੱਕੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਵਿਭਾਗ ਵੱਲੋਂ ਇੱਕ ਪਖਾਨੇ ਉੱਤੇ 50 ਹਜ਼ਾਰ ਰੁਪਏ ਖਰਚੇ ਜਾਂਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਸਾਰੇ ਸਕੂਲਾਂ ਵਿੱਚ ਸਿੱਧ ਪਾਣੀ ਲਈ ਆਰ ਓ ਅਤੇ ਸਬਮਰਸੀਬਲ ਪਹਿਲਾਂ ਹੀ ਲੱਗੇ ਹੋਏ ਹਨ।
ਉਹਨਾਂ ਕਿਹਾ ਕਿ ਇਹ ਪਖਾਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਮੋਗਾ ਦੇ ਐਸਪੀਰੇਸ਼ਨਲ ਜ਼ਿਲ੍ਹੇ ਵਜੋਂ ਚੁਣੇ ਜਾਣ ਤਹਿਤ ਤਿਆਰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਸੂਚੀਆਂ ਤਿਆਰ ਕਰਕੇ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭੇਜੀਆਂ ਗਈਆਂ ਸਨ। ਪਖਾਨਿਆਂ ਦੇ ਨਾਲ ਨਾਲ ਹਰੇਕ ਸਕੂਲ ਨੂੰ ਸ਼ੁੱਧ ਪਾਣੀ ਦੀ ਸਪਲਾਈ ਨਾਲ ਵੀ ਜੋੜਿਆ ਜਾ ਰਿਹਾ ਹੈ। ਸ਼ੁੱਧ ਪਾਣੀ ਦੀ ਸਹੂਲਤ ਤਕਰੀਬਨ ਹਰੇਕ ਸਕੂਲ ਵਿੱਚ ਮੌਜੂਦ ਹੈ। ਉਹਨਾਂ ਕਿਹਾ ਕਿ ਨਵੇਂ ਬਣ ਰਹੇ ਪਖਾਨੇ ਅਗਲੇ ਅਕਾਦਮਿਕ ਸੈਸ਼ਨ ਤੋਂ ਚਾਲੂ ਹੋ ਜਾਣਗੇ।