ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਸੁਰੱਖਿਆ ਫੌਜਾਂ ਵਿੱਚ ਭੇਜਣ ਦੀ ਤਿਆਰੀ

 

ਮੋਗਾ, 9 ਦਸੰਬਰ (ਜਗਰਾਜ ਸਿੰਘ ਗਿੱਲ) – ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਭਾਰਤੀ ਸੁਰੱਖਿਆ ਫੌਜਾਂ ਦਾ ਹਿੱਸਾ ਬਣਾਉਣ ਦੇ ਮੰਤਵ ਨਾਲ, ਉਹਨਾਂ ਨੂੰ ਮੁਫ਼ਤ ਕੋਚਿੰਗ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਜਿਸ ਤਹਿਤ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਕਲਾਸਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵੱਲੋਂ ਕਰਵਾਈ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਹੋਰ ਹਾਜ਼ਰ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਮੋਗਾ ਵਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਕੋਚਿੰਗ ਸ਼ੁਰੂ ਕਰਵਾਈ ਗਈ ਹੈ, ਇਸ ਮੰਤਵ ਲਈ ਮੋਗਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਜਮਾਤ ਵਿਚ ਪੜ੍ਹ ਰਹੇ ਤਕਰੀਬਨ 35 ਲੜਕਿਆਂ ਦਾ ਇੱਕ ਬੈਚ ਤਿਆਰ ਕੀਤਾ ਗਿਆ ਹੈ। ਇਹ ਕੋਚਿੰਗ ਸਰਕਾਰੀ ਸਕੂਲਾਂ ਦੇ ਵੱਖ ਵੱਖ ਵਿਸ਼ਾ ਮਾਹਿਰ ਅਧਿਆਪਕਾ ਵੱਲੋਂ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਇਹ ਪ੍ਰਵੇਸ਼ ਪ੍ਰੀਖਿਆ 17 ਜਨਵਰੀ ਨੂੰ ਹੋਵੇਗੀ। ਜਿਸ ਲਈ ਇਹ ਬੱਚੇ ਰੋਜ਼ਾਨਾ 2 ਘੰਟੇ ਕਲਾਸ ਲਗਾਇਆ ਕਰਨਗੇ। ਕੋਚਿੰਗ ਦੌਰਾਨ ਬੱਚਿਆਂ ਨੂੰ ਇਕਾਂਤ ਅਤੇ ਸ਼ਾਂਤ ਮਾਹੌਲ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਬੱਚਿਆਂ ਦੀ ਹਰ ਤਰ੍ਹਾਂ ਦੀ ਲੋੜ੍ਹ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੰਗੀ ਪੜ੍ਹਾਈ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਸ਼੍ਰੀ ਹੰਸ ਨੇ ਆਪਣੇ ਖਰਚੇ ਉੱਤੇ ਹਰੇਕ ਬੱਚੇ ਨੂੰ ਡਿਕਸ਼ਨਰੀ ਅਤੇ ਨਕਸ਼ੇ ਦੇਣ ਦਾ ਐਲਾਨ ਕੀਤਾ, ਜਿਸਦਾ ਬੱਚਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ।

ਉਹਨਾਂ ਬੱਚਿਆਂ ਨੂੰ ਕਿਹਾ ਕਿ ਜੇਕਰ ਉਹ ਜ਼ਿੰਦਗੀ ਵਿਚ ਕੁਝ ਬਣਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੇ ਟੀਚੇ ਨਿਰਧਾਰਤ ਕਰਨਗੇ ਚਾਹੀਦੇ ਹਨ। ਦ੍ਰਿੜ੍ਹ ਇੱਛਾ ਅਤੇ ਉੱਚ ਮਨੋਬਲ ਨਾਲ ਹਰ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਿਹਨਤ ਤੋਂ ਬਿਨਾ ਕਿਸੇ ਵੀ ਤਰੀਕੇ ਦੇ ਸ਼ਾਰਟਕਟ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਜੇਕਰ ਇਹਨਾਂ ਬੱਚਿਆਂ ਦੀ ਚੋਣ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਦੇ ਦਾਖਲੇ ਲਈ ਹੋ ਜਾਂਦੀ ਹੈ ਤਾਂ ਇਹਨਾਂ ਬੱਚਿਆਂ ਦਾ ਦੇਸ਼ ਦੀਆਂ ਸਰਬੋਤਮ ਸੁਰੱਖਿਆ ਫੌਜਾਂ ਦਾ ਹਿੱਸਾ ਬਣਨਾ ਤੈਅ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਵੇਂ ਇਸ ਵਾਰ 35 ਬੱਚਿਆਂ ਦੇ ਬੈਚ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ, ਉਵੇਂ ਹੀ ਅਗਲੇ ਸਾਲ ਤੋਂ ਹੋਰ ਜਿਆਦਾ ਬੱਚਿਆਂ ਨੂੰ ਇਹ ਕੋਚਿੰਗ ਦਿਵਾਈ ਜਾਵੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਭਾਰਤੀ ਸੁਰੱਖਿਆ ਫੌਜਾਂ ਵਿੱਚ ਸ਼ਾਮਿਲ ਕਰਵਾਇਆ ਜਾ ਸਕੇ।

 

 

 

Leave a Reply

Your email address will not be published. Required fields are marked *