ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਕੀਤੀ ਸਰਕਾਰੀ ਅਦਾਰਿਆਂ ਦੀ ਚੈਕਿੰਗ
ਕਿਹਾ! ਸਿਸਟਮ ਵਿਚ ਸੁਧਾਰ ਕਰਨਾ ਪ੍ਰਮੁੱਖ ਤਰਜ਼ੀਹ ਰਹੇਗੀ
ਮੋਗਾ, 14 ਮਾਰਚ (ਜਗਰਾਜ ਸਿੰਘ ਗਿੱਲ) -ਜ਼ਿਲ੍ਹਾ ਮੋਗਾ ਵਿੱਚ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਚਾਰੇ ਮਨੋਨੀਤ ਵਿਧਾਇਕ ਸੱਤਾ ਵਿੱਚ ਆਉਂਦਿਆਂ ਹੀ ‘ਐਕਸ਼ਨ ਮੋਡ’ ਵਿੱਚ ਆ ਗਏ ਹਨ। ਅੱਜ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ, ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਢੋਸ, ਬਾਘਾਪੁਰਾਣਾ ਦੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਮੋਗਾ ਦੇ ਵਿਧਾਇਕ ਸ਼੍ਰੀਮਤੀ ਅਮਨਦੀਪ ਕੌਰ ਅਰੋੜਾ ਨੇ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਚਰਨਜੀਤ ਸਿੰਘ ਸੋਹਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਹਰਚਰਨ ਸਿੰਘ, ਮੋਗਾ ਦੇ ਐਸ ਡੀ ਐਮ ਸ੍ਰ ਸਤਵੰਤ ਸਿੰਘ ਨੂੰ ਨਾਲ ਲੈ ਕੇ ਜਿੱਥੇ ਵੱਖ ਵੱਖ ਸਰਕਾਰੀ ਅਦਾਰਿਆਂ ਦਾ ਦੌਰਾ ਕੀਤਾ ਉਥੇ ਹੀ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।
ਸਮੂਹ ਵਿਧਾਇਕਾਂ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਿਹਾ ਕਿ ਅੱਜ ਲੋੜ ਹੈ ਕਿ ਆਮ ਲੋਕਾਂ ਨੂੰ ਸਰਕਾਰੀ ਅਦਾਰਿਆਂ ਵਿੱਚ ਖੱਜਲ ਖ਼ੁਆਰ ਹੋਣ ਤੋਂ ਬਚਾਇਆ ਜਾਵੇ। ਉਹਨਾਂ ਕਿਹਾ ਕਿ ਮੌਜੂਦਾ ਸਿਸਟਮ ਨੂੰ ਬਦਲਣ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਇਹ ਉਹਨਾਂ ਦੀ ਪ੍ਰਮੁੱਖ ਤਰਜ਼ੀਹ ਰਹੇਗੀ।
ਉਹਨਾਂ ਕਿਹਾ ਕਿ ਲੋਕਾਂ ਦੀ ਸਰਕਾਰੀ ਦਫਤਰਾਂ ਵਿਚ ਖੱਜਲ ਖ਼ੁਆਰੀ ਰੋਕਣ ਲਈ ਸਮਾਂਬਧ ਤਰੀਕੇ ਨਾਲ ਕੰਮ ਹੋਣੇ ਚਾਹੀਦੇ ਹਨ। ਕੰਮ ਵਿੱਚ ਦੇਰੀ ਕਰਨ ਵਾਲੇ ਅਤੇ ਭਰਿਸ਼ਟਾਚਾਰ ਕਰਨ ਵਾਲੇ ਅਧਿਕਾਰੀ ਅਤੇ ਕਰਮਚਾਰੀ ਕਿਸੇ ਵੀ ਹੀਲੇ ਬਖਸ਼ੇ ਨਾ ਜਾਣ। ਰਿਸ਼ਵਤਖੋਰੀ ਬਿਲਕੁਲ ਵੀ ਬਰਦਾਸ਼ਤ ਨਾ ਕੀਤੀ ਜਾਵੇਗੀ।ਲੰਮੇ ਸਮੇਂ ਤੋਂ ਇੱਕੋ ਸੀਟ ਜਾਂ ਇੱਕੋ ਦਫ਼ਤਰ ਵਿਚ ਬੈਠੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਜਾਣ।ਸਾਰੇ ਅਧਿਕਾਰੀ ਕਰਮਚਾਰੀ ਸਮੇਂ ਸਿਰ ਦਫ਼ਤਰ ਆਉਣ ਅਤੇ ਜਾਣ।
ਉਹਨਾਂ ਕਿਹਾ ਕਿ ਸਰਕਾਰੀ ਅਦਾਰਿਆਂ ਵਿੱਚ ਠੇਕੇਦਾਰਾਂ ਦੀ ਲੁੱਟ ਖਸੁੱਟ ਬੰਦ ਕਰਵਾਈ ਜਾਵੇ।ਕਮਿਸ਼ਨ ਸਿਸਟਮ ਬੰਦ ਕੀਤਾ ਜਾਵੇ। ਸ਼ਹੀਦੀ ਪਾਰਕ ਅਤੇ ਨੇਚਰ ਪਾਰਕ ਵਿਖੇ ਸੁਰੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਬਾਰੇ ਪ੍ਰਬੰਧ ਕਰਨ ਬਾਰੇ ਕਿਹਾ ਗਿਆ। ਸਿਵਲ ਹਸਪਤਾਲ ਦਾ ਦੌਰਾ ਕਰਦਿਆਂ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਬੁਨਿਆਦੀ ਸਹੂਲਤਾਂ ਹਰ ਹੀਲੇ ਮੁਹਈਆ ਕਰਵਾਈਆਂ ਜਾਣ। ਸਾਰੇ ਵਿਧਾਇਕਾਂ ਨੇ ਭਰੋਸਾ ਦਿੱਤਾ ਕਿ ਉਹ ਸਰਕਾਰੀ ਕੰਮ ਕਾਰ ਵਿੱਚ ਬਿਲਕੁਲ ਵੀ ਦਖਲਅੰਦਾਜ਼ੀ ਨਹੀਂ ਕਰਨਗੇ। ਉਹਨਾਂ ਨੇ ਅੱਜ ਸਿਵਲ ਹਸਪਤਾਲ ਅਤੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨੇ ਚਾਰੇ ਵਿਧਾਇਕਾਂ ਨਾਲ ਜ਼ਿਲ੍ਹੇ ਦੀ ਭੂਗੋਲਿਕ ਸਮਾਜਿਕ, ਆਰਥਿਕ ਅਤੇ ਹੋਰ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਬੇਨਤੀ ਕੀਤੀ ਕਿ ਲੋਕ ਨੁਮਾਇੰਦੇ ਅਗਾਮੀ ਕਣਕ ਦੀ ਵਾਢੀ ਦੌਰਾਨ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਨ। ਉਹਨਾਂ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਬਿਨਾ ਖੱਜਲ ਖ਼ੁਆਰੀ ਤੋਂ ਤੈਅ ਸਮਾਂ ਸੀਮਾ ਵਿਚ ਦਿੱਤੀਆਂ ਜਾਣਗੀਆਂ। ਭਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਹੋਈ ਮੀਟਿੰਗ ਦੌਰਾਨ ਧਰਮਕੋਟ ਦੇ ਐਸ ਡੀ ਐਮ ਸ਼੍ਰੀਮਤੀ ਚਾਰੂਮਿਤਾ, ਬਾਘਾਪੁਰਾਣਾ ਦੇ ਐਸ ਡੀ ਐਮ ਸ਼੍ਰੀ ਨਿਤੀਸ਼ ਸਿੰਗਲਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।