– ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ – ਸੰਦੀਪ ਹੰਸ
ਮੋਗਾ, 11 ਫਰਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸੰਦੀਪ ਹੰਸ ਨੇ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਉਮੀਦਵਾਰਾਂ, ਰਾਜਸੀ ਪਾਰਟੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੈ, ਜਿਸ ਦੀ ਪਾਲਣਾ ਕਰਨਾ ਸਮੂਹ ਰਾਜਸੀ ਪਾਰਟੀਆਂ, ਉਮੀਦਵਾਰਾਂ ਅਤੇ ਹੋਰ ਸਾਰੀਆਂ ਧਿਰਾਂ ਦਾ ਫਰਜ਼ ਹੈ।
ਉਹਨਾਂ ਕਿਹਾ ਕਿ ਕੋਈ ਵੀ ਉਮੀਦਵਾਰ ਜਾਂ ਪਾਰਟੀ ਅਜਿਹਾ ਕੋਈ ਕੰਮ ਨਾ ਕਰੇ ਜਿਸ ਨਾਲ ਫਿਰਕੂ ਏਕਤਾ ਅਤੇ ਸਦਭਾਵਨਾ ਨੂੰ ਨੁਕਸਾਨ ਹੋਵੇ। ਸਰਕਾਰੀ ਸੰਪਤੀ ਉਪਰ ਲਗਾਏ ਗਏ ਪੋਸਟਰ, ਹੋਰਡਿੰਗ ਅਤੇ ਬੈਨਰ ਉਮੀਦਵਾਰ ਵੱਲੋਂ ਖੁਦ ਹੀ ਉਤਾਰ ਲਏ ਜਾਣ। ਸਰਕਾਰੀ ਸੰਪਤੀ ਉਪਰ ਲਗਾਏ ਗਏ ਪੋਸਟਰ, ਹੋਰਡਿੰਗ ਅਤੇ ਬੈਨਰ ਨਾ ਉਤਾਰੇ ਜਾਣ ਦੀ ਸੂਰਤ ਵਿੱਚ ਕਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਚੋਣ ਪ੍ਰਚਾਰ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਨਾ ਕੀਤੀ ਜਾਵੇ। ਕਿਸੇ ਦੀ ਨਿਜ਼ੀ ਜ਼ਿੰਦਗੀ ਬਾਰੇ ਕੋਈ ਵੀ ਟਿੱਪਣੀ ਨਾ ਕੀਤੀ ਜਾਵੇ। ਚੋਣਾਂ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਲਾਲਚ, ਸ਼ਰਾਬ, ਨਸ਼ਾ, ਭੈਅ, ਡਰ ਆਦਿ ਨਾ ਦਿੱਤਾ ਜਾਵੇ। ਧਰਮ, ਜਾਤ ਜਾਂ ਕਿਸੇ ਧਾਰਮਿਕ ਚਿੰਨ ਦੇ ਨਾਮ ਉੱਤੇ ਵੋਟਾਂ ਨਾ ਮੰਗੀਆਂ ਜਾਣ।
ਉਹਨਾਂ ਕਿਹਾ ਕਿ ਮਿਤੀ 12 ਫਰਵਰੀ ਨੂੰ ਸ਼ਾਮ 4 ਵਜੇ ਖੁੱਲ੍ਹਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਵੇ। ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਪਰਚਾਰ ਨਾ ਕੀਤਾ ਜਾਵੇ। ਚੋਣ ਅਮਲੇ ਦੇ ਅਧਿਕਾਰੀਆਂ ਨਾਲ ਅਭੱਦਰ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵੋਟ ਸਲਿਪਾਂ ਉੱਤੇ ਚੋਣ ਨਿਸ਼ਾਨ ਜਾਂ ਉਮੀਦਵਾਰ ਦਾ ਨਾਮ ਨਹੀਂ ਹੋਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਸ ਪੂਰੀ ਚੋਣ ਪ੍ਰਕ੍ਰਿਆ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਲੰਘਣਾ ਕਰਨ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਵੋਟਰ ਵੋਟਿੰਗ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਅਤੇ ਉਤਸ਼ਾਹ ਨਾਲ ਹਿੱਸਾ ਲੈਣ।