ਜ਼ਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਪਾਰਕ ਦੀ ਸਫ਼ਾਈ ਕੀਤੀ।

ਸ਼ਹੀਦਾਂ ਦਾ ਸਨਮਾਨ ਬਹਾਲ ਕਰਨ ਲਈ ਸਰਕਾਰ ਸਮਾਰਕਾਂ ਦੀ ਸਾਂਭ ਸੰਭਾਲ ਵੱਲ ਧਿਆਨ ਦੇਵੇ – ਲੂੰਬਾ, ਸੰਨਿਆਸੀ।

ਮੌਸਮੀ ਬਿਮਾਰੀਆਂ ਤੋਂ ਬਚਣ ਲਈ ਆਲੇ-ਦੁਆਲੇ ਦੀ ਸਫ਼ਾਈ ਦਾ ਦਿੱਤਾ ਸੁਨੇਹਾ।

ਮੋਗਾ 28 ਅਗਸਤ (ਜਗਰਾਜ ਸਿੰਘ ਗਿੱਲ)

ਪਿਛਲੇ ਦਿਨੀਂ ਸਹੀਦੀ ਸਮਾਰਕਾਂ ਦੀ ਸਾਫ ਸਫਾਈ ਨਾ ਹੋਣ ਕਾਰਨ ਹੋ ਰਹੀ ਬੇਅਦਬੀ ਸਬੰਧੀ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਅਤੇ ਬਾਰਿਸ਼ਾਂ ਤੋਂ ਬਾਅਦ ਸ਼ਹਿਰ ਵਿੱਚ ਡੇਂਗੂ, ਮਲੇਰੀਆ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਣ ਦੇ ਖ਼ਤਰੇ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਕਰਨ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਪਾਰਕ ਦੀ ਸਫ਼ਾਈ ਕੀਤੀ ਗਈ। ਇਸ ਸਬੰਧੀ ਅੱਜ ਕੋਆਰਡੀਨੇਸ਼ਨ ਕਮੇਟੀ ਮੋਗਾ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਘੋਲੀਆ ਕਲਾਂ ਦੇ ਮੈਂਬਰਾਂ ਨੇ ਪਾਰਕ ਵਿੱਚ ਉਘੇ ਹੋਏ ਘਾਹ ਦੀ ਕਟਾਈ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਪਾਣੀ ਨਾਲ ਧੋ ਕੇ ਸਾਫ ਕੀਤਾ ਗਿਆ। ਜ਼ਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ, ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਅਤੇ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਇਸ ਸਫ਼ਾਈ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪੰਜਾਬੀ ਦੇ ਇੱਕ ਅਖਬਾਰ ਵਿੱਚ ਇਸ ਸਬੰਧੀ ਪ੍ਰਮੁੱਖਤਾ ਨਾਲ ਖ਼ਬਰ ਛਾਪੀ ਗਈ ਸੀ, ਜਿਸ ਤੇ ਮਿਉਂਸਪਲ ਕਾਰਪੋਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ, ਜਿਸ ਕਾਰਨ ਸਾਨੂੰ ਅੱਗੇ ਆ ਕੇ ਇਹ ਸਫ਼ਾਈ ਮੁਹਿੰਮ ਚਲਾਉਣੀ ਪਈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਸ਼ਹੀਦਾਂ ਦਾ ਤਾਂ ਹੀ ਸਤਿਕਾਰ ਕਰਨਗੀਆਂ ਜੇਕਰ ਅਸੀਂ ਉਨ੍ਹਾਂ ਨੂੰ ਅਜਿਹਾ ਕਰਕੇ ਵਿਖਾਵਾਂਗੇ, ਨਹੀਂ ਤਾਂ ਇਹ ਸ਼ਹੀਦ ਜਿਨ੍ਹਾਂ ਤੇ ਅਸੀਂ ਮਾਣ ਕਰਦੇ ਹਾਂ, ਜਲਦ ਹੀ ਨਵੀਂ ਪੀੜ੍ਹੀ ਦੇ ਚੇਤਿਆਂ ਵਿੱਚੋਂ ਵਿਸਰ ਜਾਣਗੇ । ਉਨ੍ਹਾਂ ਇੰਪਰੂਵਮੈਂਟ ਟਰੱਸਟ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਤੋਂ ਮੰਗ ਕੀਤੀ ਕਿ ਸਹੀਦੀ ਸਮਾਰਕਾਂ ਦੀ ਸਾਂਭ ਸੰਭਾਲ ਲਈ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਵੇ । ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਇਹ ਆਸ ਪ੍ਰਗਟ ਕੀਤੀ ਕਿ ਉਹ ਇਨ੍ਹਾਂ ਸਮਾਰਕਾਂ ਦਾ ਸਤਿਕਾਰ ਬਹਾਲ ਕਰਨ ਲਈ ਜ਼ਰੂਰ ਕੰਮ ਕਰਨਗੇ । ਉਨ੍ਹਾਂ ਕਿਹਾ ਕਿ ਸਫ਼ਾਈ ਦੂਸਰਾ ਰੱਬ ਹੈ ਜੋ ਸਾਨੂੰ ਰੋਜ਼ਾਨਾ ਤੰਦਰੁਸਤੀ ਦਾ ਤੋਹਫ਼ਾ ਦਿੰਦਾ ਹੈ, ਇਸ ਲਈ ਸਾਨੂੰ ਪਿਛਲੇ ਦਿਨੀਂ ਹੋਈਆਂ ਭਾਰੀ ਬਾਰਿਸ਼ਾਂ ਕਾਰਨ ਮੋਗਾ ਸ਼ਹਿਰ ਵਿੱਚ ਡੇਂਗੂ, ਮਲੇਰੀਆ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦੇ ਪੈਦਾ ਹੋਣ ਦੇ ਖ਼ਤਰੇ ਨੂੰ ਵੇਖਦੇ ਆਪਣੇ ਘਰਾਂ ਦੇ ਅੰਦਰ, ਛੱਤਾਂ ਅਤੇ ਖਾਲੀ ਪਏ ਪਲਾਟਾਂ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਅਤੇ ਜਮਾਂ ਹੋਏ ਸਾਫ ਪਾਣੀ ਦੀ ਨਿਕਾਸੀ ਕਰਨ  ਦੀ ਜ਼ਰੂਰਤ ਹੈ ਤਾਂ ਜ਼ੋ ਅਸੀਂ ਇਨ੍ਹਾਂ ਖਤਰਨਾਕ ਬਿਮਾਰੀਆਂ ਤੋਂ ਬਚਾਅ ਕਰਕੇ ਆਪਣੇ ਮਿਹਨਤ ਨਾਲ ਕਮਾਏ ਹੋਏ ਪੈਸੇ ਦੀ ਬੱਚਤ ਕਰ ਸਕੀਏ । ਇਸ ਸਫ਼ਾਈ ਮੁਹਿੰਮ ਵਿੱਚ ਸਟੇਟ ਐਵਾਰਡੀ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਤੋਂ ਇਲਾਵਾ ਹੋਰ ਵੀ ਕਈ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਦਵਿੰਦਰਜੀਤ ਸਿੰਘ ਗਿੱਲ, ਨਰਿੰਦਰਪਾਲ ਸਿੰਘ ਸਹਾਰਨ, ਪ੍ਰੋਮਿਲਾ ਕੁਮਾਰੀ, ਭਵਨਦੀਪ ਸਿੰਘ ਪੁਰਬਾ, ਲੇਖਿਕਾ ਹਰਜੀਤ ਕੌਰ, ਪ੍ਰਦੀਪ ਸ਼ਰਮਾ ਨੈਸਲੇ,  ਹਰਜਿੰਦਰ ਸਿੰਘ ਗਿੱਲ, ਰਾਜ ਕੁਮਾਰ ਸ਼ਰਮਾ, ਬਲਰਾਜ ਸਿੰਘ,ਧਨਕਿਰਨ ਸਿੰਘ, ਗੁਰਜੀਤ ਸਿੰਘ, ਗੁਰਨਾਮ ਗਾਮਾ, ਗੁਰਵਿੰਦਰ ਸਿੰਘ ਰਾਜਾ, ਰਾਜ ਕੁਮਾਰ, ਬਲਵੀਰ ਕੁਮਾਰ, ਲਵਿਸ ਕੁਮਾਰ, ਲਖਨਪਾਲ, ਤਿਲਕ ਰਾਜ, ਵਿੱਕੀ ਕੁਮਾਰ ਆਦਿ ਵੀ ਸ਼ਾਮਿਲ ਸਨ।

 

Leave a Reply

Your email address will not be published. Required fields are marked *