ਅੱਜ ਭੋਗ ਤੇ ਵਿਸ਼ੇਸ਼
ਧਰਮਕੋਟ- ਰਿੱਕੀ ਕੈਲਵੀ
ਪ੍ਰਮਾਤਮਾ ਵੱਲੋਂ ਸੰਸਾਰ ਦੀ ਰਚਨਾ ਇਸ ਕਦਰ ਕੀਤੀ ਗਈ ਹੈ ਕਿ ਇਥੇ ਜਨਮ ਲੈਣ ਵਾਲੇ ਹਰ ਪ੍ਰਾਣੀ ਦੀ ਵਾਪਸੀ ਦਾ ਸਮਾ ਨਿਰਧਾਰਿਤ ਕੀਤਾ ਗਿਆ, ਜਿਸ ਸਬੰਧੀ ਗਿਆਨ ਸੰਸਾਰੀ ਜੀਵਾਂ ਨੂੰ ਧਾਰਮਿਕ ਗ੍ਰੰਥਾਂ ਤੋਂ ਮਿਲਦਾ ਹੈ, ਜੋ ਜੀਵ ਇਸ ਫਾਨੀ ਸੰਸਾਰ ਉਪਰ ਆਉਂਦਾ ਹੈ, ਉਹ ਆਪਣੀ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਸੰਸਾਰ ਅਤੇ ਆਪਣੇ ਪਰਿਵਾਰ ਨੂੰ ਛੱਡ ਜਾਂਦਾ ਹੈ | ਬੀਤੇ ਦਿੰਨੀ ਅਜਿਹਾ ਹੀ ਭਾਣਾ ਧਰਮਕੋਟ ਦੇ ਛਾਬੜਾ ਪਰਿਵਾਰ ਨਾਲ ਵਰਤਿਆ, ਜਦ ਸਥਾਨਕ ਸ਼ਹਿਰ ਦੇ ਵਪਾਰ ਮੰਡਲ ਅਤੇ ਕੱਪੜਾ ਯੂਨੀਅਨ ਦੇ ਪ੍ਰਧਾਨ ਦਵਿੰਦਰ ਛਾਬੜਾ ਦੀ ਪਤਨੀ ਸ਼੍ਰੀਮਤੀ ਆਸ਼ਾ ਰਾਣੀ ਉਹਨਾ ਨੂੰ ਸਦੀਵੀ ਵਿਛੋੜਾ ਦੇ ਗਏ | ਸ਼੍ਰੀਮਤੀ ਆਸ਼ਾ ਰਾਣੀ ਬਹੁਤ ਹੀ ਧਾਰਮਿਕ ਖਿਆਲਾ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਸਨ, ਜਿੰਨਾ ਕਾਰਨ ਛਾਬੜਾ ਪਰਿਵਾਰ ਹਮੇਸ਼ਾ ਤਰੱਕੀ ਵੱਲ ਵਧਿਆ | ਸ਼੍ਰੀਮਤੀ ਆਸ਼ਾ ਰਾਣੀ ਦੀ ਕੁੱਖੋਂ ਚਾਰ ਬੱਚਿਆਂ ਨੇ ਜਨਮ ਲਿਆ ਪੁੱਤਰ ਰਾਜਨ ਛਾਬੜਾ, ਸਾਜਨ ਛਾਬੜਾ ਅਤੇ ਧੀਆਂ ਮੋਨਿਕਾ, ਸੋਨੀਆ, ਜਿੰਨਾਂ ਦੇ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕੀਤਾ ਅਤੇ ਉਹਨਾ ਨੂੰ ਚੰਗੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਗਿਆਨ ਵੀ ਦਿੱਤਾ | ਉਹਨਾ ਦੇ ਪਤੀ ਦਵਿੰਦਰ ਛਾਬੜਾ ਦਾ ਸ਼ੁਰੂ ਤੋਂ ਹੀ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਮਿਲਵਰਨ ਰਿਹਾ, ਜਿਸ ਕਾਰਨ ਘਰ ਵਿਚ ਮਹਿਮਾਨਾਂ ਦਾ ਆਉਣ ਜਾਣ ਲੱਗਾ ਰਹਿੰਦਾ ਸੀ , ਮਹਿਮਾਨਾਂ ਦੀ ਸ਼ਾਂਭ ਸੰਭਾਲ ਲਈ ਸ਼੍ਰੀਮਤੀ ਆਸ਼ਾ ਰਾਣੀ ਕਦੇ ਮੱਥੇ ਵੱਟ ਨਹੀਂ ਪਾਇਆ | ਉਹਨਾ ਆਪਣੇ ਚਾਰਾਂ ਬੱਚਿਆਂ ਦੀਆਂ ਸ਼ਾਦੀਆਂ ਵਧੀਆ ਪਰਿਵਾਰਾਂ ਵਿਚ ਕਰਵਾਈਆਂ ਅਤੇ ਦੋਹਤਿਆਂ ਪੋਤਿਆਂ ਨਾਲ ਖੁਸ਼ਮਈ ਪਲ ਵੀ ਹੰਢਾਏ | ਚੰਗੀ ਸੋਚ ਦੇ ਧਾਰਨੀ ਹੋਣ ਕਾਰਨ ਸ਼੍ਰੀਮਤੀ ਆਸ਼ਾ ਰਾਣੀ ਨੇ ਆਪਣੇ ਸਪੁੱਤਰ ਸਾਜਨ ਛਾਬੜਾ ਜੋ ਆਮ ਆਦਮੀ ਪਾਰਟੀ ਦੇ ਯੂਥ ਆਗੂ ਹਨ ਨੂੰ ਰਾਜਨਿਤਿਕ ਤੌਰ ਤੇ ਸਮਾਜ ਵਿਚ ਚੰਗੀ ਭਾਵਨਾ ਨਾਲ ਵਿਚਰਣ ਲਈ ਹਮੇਸ਼ਾ ਦਿਸ਼ਾ ਦਿੱਤੀ | ਉਹਨਾ ਦਾ ਵੱਡਾ ਬੇਟਾ ਰਾਜਨ ਛਾਬੜਾ ਵੀ ਕੱਪੜੇ ਦਾ ਵਧੀਆ ਬਿਜਸਮੈਨ ਹੈ | ਸ਼੍ਰੀਮਤੀ ਆਸ਼ਾ ਰਾਣੀ ਆਪਣੀਆਂ ਨੌਹਾਂ ਮਿਨਾਕਸ਼ੀ ਅਤੇ ਸਪਨਾ ਨਾਲ ਮਾਵਾਂ ਧੀਆਂ ਵਾਂਗ ਵਿਚਰੇ, ਉਹਨਾ ਆਪਣੇ ਜੁਆਈਆਂ ਦੇਸ਼ਵੀਰ ਸੋਡੀ ਅਤੇ ਅਕਸ਼ੈ ਭੰਡਾਰੀ ਨਾਲ ਵੀ ਪੁੱਤਾਂ ਵਾਲਾ ਪਿਆਰ ਰੱਖਿਆ, ਪਰਿਵਾਰ ਨਾਲ ਹੱਸਦਿਆਂ ਖੇਡਦਿਆਂ ਜਿੰਦਗੀ ਦੇ ਅਖੀਰਲੇ ਪਲ ਕਦੋਂ ਆਣ ਖੜੋਤੇ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸਨ | ਸ਼੍ਰੀਮਤੀ ਆਸ਼ਾ ਰਾਣੀ ਹਮੇਸ਼ਾ ਛਾਬੜਾ ਪਰਿਵਾਰ ਦੇ ਚੇਤਿਆਂ ਵਿਚ ਜਿੰਦਾ ਰਹਿਣਗੇ, ਉਹਨਾ ਦੇ ਜਾਣ ਨਾਲ ਛਾਬੜਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਛਾਬੜਾ ਪਰਿਵਾਰ ਤੇ ਆਈ ਇਸ ਦੁੱਖ ਦੀ ਘੜੀ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੋਂ ਇਲਾਵਾ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਆਗੂਆਂ, ਵੱਖ ਵੱਖ ਸਿਆਸੀ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਆਗੂਆਂ, ਸ਼ਹਿਰ ਨਿਵਾਸੀਆਂ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਸ਼ਰੀਕ ਹੋਇਆ | ਸਵ. ਸ਼੍ਰੀਮਤੀ ਆਸ਼ਾ ਰਾਣੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿੰਮ ਅਰਦਾਸ ਅੱਜ ਮਿਤੀ 20 ਮਾਰਚ ਦਿਨ ਐਤਵਾਰ ਨੂੰ 12 ਤੋਂ 1 ਵਜੇ ਤੱਕ ਗੁਰਦੁਆਰਾ ਸ਼੍ਰੀ ਸਿੰਘ ਸਭਾ, ਪੁਰਾਣਾ ਬੱਸ ਸਟੈਂਡ ਧਰਮਕੋਟ (ਮੋਗਾ) ਵਿਖੇ ਹੋਵੇਗੀ |