ਨਿਹਾਲ ਸਿੰਘ ਵਾਲਾ 11 ਸਤੰਬਰ (ਮਿੰਟੂ ਖੁਰਮੀ ਕੁਲਦੀਪ ਗੋਹਲ )-ਸਮਾਜ ਸੇਵੀ ਕਾਰਜਾਂ ਵਿਚ ਦੇਸ਼-ਵਿਦੇਸ਼ ਵਿਚ ਨਾਮਣਾ ਖੱਟਣ ਵਾਲੀ ਯੁਵਕ ਸੇਵਾਵਾਂ ਸਪੋਟਰਸ ਕਲੱਬ ਬਿਲਾਸਪੁਰ ਦੇ ਇਕ ਮੈਂਬਰ ਦੀ ਕੁੱਟ-ਮਾਰ ਕਰਨ ‘ਤੇ ਪੁਲਸ ਚੌਕੀ ਬਿਲਾਸਪੁਰ ਸੁਰੱਖੀਆਂ ਵਿਚ ਆ ਗਈ ਹੈ। ਮਾਮਲਾ ਐੱਸ. ਡੀ. ਐੱਮ. ਦੇ ਦਰਬਾਰ ਵਿਚ ਪਹੁੰਚਣ ‘ਤੇ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਰਾਮ ਸਿੰਘ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਯੁਵਕ ਸੇਵਾਵਾਂ ਸਪੋਰਟਸ ਕਲੱਬ ਬਿਲਾਸਪੁਰ ਦਾ ਵਫ਼ਦ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਵਿਚ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਰਾਮ ਸਿੰਘ ਨੂੰ ਮਿਲਿਆ ਅਤੇ ਦੱਸਿਆ ਕਿ ਕਲੱਬ ਵਲੋਂ ਐਂਬੂਲੈਂਸ ਸੇਵਾ ਚਲਾਈ ਜਾ ਰਹੀ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਕਲੱਬ ਜ਼ਿਲਾ ਪ੍ਰਸ਼ਾਸਨ ਨੂੰ ਸ਼ਾਨਦਾਰ ਸੇਵਾਵਾਂ ਦੇ ਰਿਹਾ ਹੈ । ਜਦੋਂ ਸਾਰੇ ਪੰਜਾਬ ਵਿਚ ਲੋਕ ਆਪਣੇ ਸਕੇ ਸਬੰਧੀਆਂ ਦੀ ਕੋਰੋਨਾ ਨਾਲ ਮੌਤ ਹੋਣ ਤੇ ਉਨ੍ਹਾਂ ਦਾ ਸਸਕਾਰ ਕਰਨ ਤੋਂ ਭਗੌੜੇ ਹੋ ਗਏ ਸਨ ਤਾਂ ਕਲੱਬ ਨੇ ਅੱਗੇ ਲੱਗ ਕੇ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ।ਆਪਣੀ ਐਂਬੂਲੈਂਸ ‘ਤੇ ਕੋਰੋਨਾ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਵੀ ਬਿਨਾਂ ਕਿਸੇ ਡਰ ਭੇੈ ਦੇ ਲਿਆਉਣ ਵਿਚ ਮੋਹਰੀ ਭੂਮਿਕਾ ਨਿਭਾਈ, ਜਿਸ ਤਹਿਤ ਸਬ-ਡਵੀਜ਼ਨ ਪ੍ਰਸ਼ਾਸਨ ਵਲੋਂ ਕਲੱਬ ਨੂੰ ਕੁਝ ਦਿਨ ਪਹਿਲਾਂ ਫੋਨ ਆਇਆ ਸੀ ਕਿ ਇਕ ਕੋਰੋਨਾ ਪੀੜਤ ਬੱਚੇ ਦੀ ਮ੍ਰਿਤਕ ਦੇਹ ਚੰਡੀਗੜ੍ਹ ਤੋਂ ਲੈ ਕੇ ਆਉਣਾ ਹੈ , ਜਿਸ ਤੋਂ ਬਾਅਦ ਕਲੱਬ
ਮੈਂਬਰ ਮ੍ਰਿਤਕ ਦੇਹ ਨੂੰ ਲਿਆਉਣ ਲਈ ਬਿਲਾਸਪੁਰ ਸਥਿਤ ਬੱਸ ਸਟੈਂਡ ‘ਤੇ ਕਲੱਬ ਮੈਂਬਰ ਮੁਸਤਾਕ ਖਾਨ ਦੀ ਦੁਕਾਨ ਵਿਚ ਮੀਟਿੰਗ ਕਰ ਰਹੇ ਸਨ, ਜਿਸ ਵਿਚ ਕਲੱਬ ਪ੍ਰਧਾਨ ਗੁਰਮੀਤ ਸਿੰਘ ਅਤੇ ਪੰਚ ਜਸਵੀਰ ਸਿੰਘ ਮੌਕੇ ‘ਤੇ ਹਾਜ਼ਰ ਸੀ। ਪੁਲਸ ਚੌਕੀ ਬਿਲਾਸਪੁਰ ਦਾ ਇੰਚਾਰਜ ਬਲਵੀਰ ਸਿੰਘ ਅਤੇ ਸਿਪਾਹੀ ਜਗਜੀਤ ਸਿੰਘ ਮੌਕੇ ਤੇ ਪਹੁੰਚ ਗਏ, ਉਨ੍ਹਾਂ ਨੂੰ ਪੁਲਸ ਚੌਕੀ ਲੈ ਗਏ। ਕਲੱਬ ਮੈਂਬਰ ਮੁਸਤਾਕ ਖਾਨ ਦੀ ਕੁੱਟ ਮਾਰ ਕੀਤੀ। ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਤੋਂ ਜਬਰਦਸਤੀ ਮੁਆਫੀਨਾਮੇ ‘ਤੇ ਸਾਈਨ ਕਰਵਾਏ। ਉਨ੍ਹਾਂ ਮੰਗ ਕੀਤੀ ਕਿ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੇ ਪੁਲਸ ਚੌਕੀ ਬਿਲਾਸਪੁਰ ਦੇ ਇੰਚਾਰਜ ਅਤੇ ਸਿਪਾਹੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪ੍ਰਸ਼ਾਸਨ ਨੂੰ ਕੋਈ ਵੀ ਸਹੂਲਤ ਨਹੀਂ ਦੇਣਗੇ। ਐਸ. ਡੀ. ਐਮ. ਰਾਮ ਸਿੰਘ ਨੇ ਕਲੱਬ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇਗਾ। ਕਲੱਬ ਆਗੂਆਂ ਨੇ ਇਸ ਸ਼ਿਕਾਇਤ ਪੱਤਰ ਦੀ ਕਾਪੀ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਐੱਸ. ਡੀ. ਐੱਮ. ਰਾਮ ਸਿੰਘ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਮਜ਼ਦੂਰ ਜਥੇਬੰਦੀ ਦੇ ਆਗੂ ਨਾਲ ਬਿਲਾਸਪੁਰ ਪੁਲਸ ਚੌਕੀ ਦੇ ਮੁਲਾਜ਼ਮ ਵਲੋਂ ਬਦਤਮੀਜ਼ੀ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲਣ ਨੂੰ ਲੈ ਕੇ ਮਜ਼ਦੂਰ ਜਥੇਬੰਦੀ ਵਲੋਂ ਵੀ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸ ਸਬੰਧੀ ਚੌਕੀ ਇੰਚਾਰਜ ਬਿਲਾਸਪੁਰ ਬਲਵੀਰ ਸਿੰਘ ਦਾ ਪੱਖ ਲੈਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।