ਕੋਟ ਈਸੇ ਖਾਂ 14 ਸਤੰਬਰ (ਨਿਰਮਲ ਸਿੰਘ ਕਾਲੜਾ) ਪੰਜਾਬ ਦੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਗੌਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੀ ਇੱਕ ਸੂਬਾ ਪੱਧਰੀ ਮੀਟਿੰਗ 16 ਸਤੰਬਰ ਨੂੰ 11 ਵਜੇ ਪੈਨਸ਼ਨਰਜ਼ ਦਫਤਰ 80-81 ਭਾਈ ਰਤਨ ਸਿੰਘ ਯਾਦਗਾਰ ਜਲੰਧਰ ਵਿਖੇ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਸਰਕਾਰ ਦੀਆਂ ਟਾਲਮਟੋਲ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਪੰਜਾਬ ਪੈਨਸ਼ਨਰਜ਼ ਅਤੇ ਮੁਲਾਜ਼ਮ ਸਾਂਝੇ ਫਰੰਟ ਵੱਲੋਂ ਉਲੀਕੇ ਗਏ ਪਰੋਗਰਾਮ ਤਹਿਤ ਮੰਤਰੀਆਂ ਦੇ ਘਰਾਂ ਦੇ ਘਰਾਓ ਅਤੇ ਧਰਨੇ ਦਿੱਤੇ ਜਾ ਰਹੇ ਹਨ ਜਿਸ ਦੀ ਕੜੀ ਵਜੋਂ 10 ਸਤੰਬਰ ਨੂੰ ਅੰਮ੍ਰਿਤਸਰ ਇਹ ਧਰਨਾ ਦਿੱਤਾ ਵੀ ਜਾ ਚੁੱਕਾ ਹੈ ਜਿਸ ਵਿੱਚ ਵੱਡੀ ਗਿਣਤੀ ਵਿਚ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਹਿੱਸਾ ਲਿਆ ਸੀ ਅਤੇ ਇਸੇ ਤਰ੍ਹਾਂ ਹੁਣ ਇਹ ਧਰਨੇ ਸੰਗਰੂਰ, ਜਲੰਧਰ ਅਤੇ ਮਲੋਟ ਵਿਖੇ ਵੀ ਦਿਤੇ ਜਾ ਰਹੇ ਹਨ ਤਾਂ ਜੋ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਲਗਾਏ ਜਾ ਰਹੇ ਐਸਮਾ ਜਿਹੇ ਕਾਲੇ ਕਨੂੰਨਾ ਦਾ ਢੁਕਵਾਂ ਉੱਤਰ ਦਿੱਤਾ ਜਾ ਸਕੇ ਜਿਸ ਬਾਰੇ ਇਸ ਮੀਟਿੰਗ ਵਿਚ ਦੂਸਰੇ ਹੋਰ ਵੀ ਕਈ ਮਸਲਿਆਂ ਨੂੰ ਲੈਕੇ ਡੂੰਘਾਈ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਸੂਬਾ ਚੇਅਰਮੈਨ ਸੁੱਚਾ ਸਿੰਘ ਅਜਨਾਲਾ, ਸੂਬਾ ਪ੍ਰਧਾਨ ਸਰਜੀਤ ਸਿੰਘ ਗਗੜਾ, ਸੂਬਾ ਜਰਨਲ ਸਕੱਤਰ ਮਾਇਆਧਾਰੀ, ਸੂਬਾ ਵਿੱਤ ਸਕੱਤਰ ਚਮਕੌਰ ਸਿੰਘ ਖੇੜੀ ਅਤੇ ਸੂਬਾ ਮੀਤ ਸਕੱਤਰ ਜੀਤਾ ਸਿੰਘ ਨਾਰੰਗ ਵੱਲੋਂ ਸਾਂਝੇ ਰੂਪ ਵਿੱਚ ਦਿੱਤੀ ਗਈ।ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪੇ ਕਮਿਸ਼ਨ ਅਤੇ ਡੀਏ ਦਾ ਬਕਾਇਆ ਦਿੱਤਾ ਜਾਵੇ, ਠੇਕਾ ਅਧਾਰਿਤ ਭਰਤੀ ਨੂੰ ਬੰਦ ਕੀਤਾ ਜਾਵੇ, ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਰਿਲੀਜ ਕੀਤੀਆਂ ਜਾਣ ਅਤੇ ਪੈਨਸ਼ਨ ਫਿਕਸ ਕਰਨ ਸਮੇਂ 2.59 ਦਾ ਗੁਣਾਕ ਫਾਰਮੂਲਾ ਵਰਤਣ ਸਬੰਧੀ ਪਹਿਲ ਕਦਮੀ ਕੀਤੀ ਜਾਵੇ ।